ਮਹਾਰਾਸ਼ਟਰ ’ਚ ਜੀ.ਬੀ.ਐਸ. ਨਾਲ ਹੋਈਆਂ ਸ਼ੱਕੀ ਮੌਤਾਂ ਦੀ ਗਿਣਤੀ ਵਧ ਕੇ 4 ਹੋਈ, ਮਾਮਲਿਆਂ ਦੀ ਗਿਣਤੀ ਵੀ ਵਧ ਕੇ 140 ਹੋਈ
ਤੇਲੰਗਾਨਾ ਦੀ ਔਰਤ ’ਚ ਜੀ.ਬੀ.ਐਸ. ਬਿਮਾਰੀ ਦਾ ਪਤਾ ਲੱਗਾ, ਸੂਬੇ ’ਚ ਪਹਿਲਾ ਕੇਸ
ਪੁਣੇ, 31 ਜਨਵਰੀ : ਮਹਾਰਾਸ਼ਟਰ ’ਚ ਗੁਲਾਇਨ-ਬੈਰੇ ਸਿੰਡਰੋਮ (ਜੀ.ਬੀ.ਐੱਸ.) ਕਾਰਨ ਸ਼ੱਕੀ ਮੌਤਾਂ ਦੀ ਗਿਣਤੀ ਸ਼ੁਕਰਵਾਰ ਨੂੰ ਵਧ ਕੇ 4 ਹੋ ਗਈ, ਜਦਕਿ ਸੂਬੇ ’ਚ ਹੁਣ ਤਕ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ 140 ਹੋ ਗਈ ਹੈ।
ਪਿਮਪਰੀ ਚਿੰਚਵਾੜ ਨਗਰ ਨਿਗਮ ਦੀ ਹੱਦ ’ਚ ਯਸ਼ਵੰਤਰਾਓ ਚਵਾਨ ਮੈਮੋਰੀਅਲ ਹਸਪਤਾਲ ’ਚ ਵੀਰਵਾਰ ਨੂੰ ਨਿਮੋਨੀਆ ਕਾਰਨ ਸਾਹ ਪ੍ਰਣਾਲੀ ’ਚ ਸੱਟ ਲੱਗਣ ਕਾਰਨ 36 ਸਾਲ ਵਿਅਕਤੀ ਦੀ ਮੌਤ ਹੋ ਗਈ। ਚੌਥਾ ਸ਼ੱਕੀ ਪੀੜਤ ਸਿੰਘਗੜ ਰੋਡ ਦੇ ਨੇੜੇ ਧਯਾਰੀ ਇਲਾਕੇ ਦਾ 60 ਸਾਲਾ ਵਿਅਕਤੀ ਸੀ, ਜਿਸ ਦੀ ਸ਼ੁਕਰਵਾਰ ਨੂੰ ਮੌਤ ਹੋ ਗਈ।
ਵਿਅਕਤੀ ਨੂੰ ਹੇਠਲੇ ਅੰਗਾਂ ’ਚ ਢਿੱਲੀ ਗਤੀ ਅਤੇ ਕਮਜ਼ੋਰੀ ਤੋਂ ਬਾਅਦ 27 ਜਨਵਰੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਪੁਣੇ ਨਗਰ ਨਿਗਮ (ਪੀ.ਐੱਮ.ਸੀ.) ਦੇ ਸਿਹਤ ਵਿਭਾਗ ਮੁਤਾਬਕ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਸੂਬੇ ਦੇ ਸਿਹਤ ਅਧਿਕਾਰੀਆਂ ਮੁਤਾਬਕ 140 ਸ਼ੱਕੀ ਮਰੀਜ਼ਾਂ ’ਚੋਂ 98 ’ਚ ਜੀ.ਬੀ.ਐਸ. ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 26 ਮਰੀਜ਼ ਪੁਣੇ ਸ਼ਹਿਰ ਤੋਂ, 78 ਪੀ.ਐਮ.ਸੀ. ਖੇਤਰ ਦੇ ਨਵੇਂ ਸ਼ਾਮਲ ਕੀਤੇ ਗਏ ਪਿੰਡਾਂ ਤੋਂ, 15 ਪਿਮਪਰੀ ਚਿੰਚਵਾੜ ਤੋਂ, 10 ਪੁਣੇ ਦਿਹਾਤੀ ਤੋਂ ਅਤੇ 11 ਹੋਰ ਜ਼ਿਲ੍ਹਿਆਂ ਦੇ ਹਨ। ਸ਼ੁਕਰਵਾਰ ਨੂੰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਸੂਬੇ ’ਚ ਦਰਜ ਕੀਤੇ ਗਏ ਜ਼ਿਆਦਾਤਰ ਮਾਮਲੇ ਪੁਣੇ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਹਨ।
ਪੁਣੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੇ ਕੁਲ 160 ਨਮੂਨੇ ਰਸਾਇਣਕ ਅਤੇ ਜੈਵਿਕ ਵਿਸ਼ਲੇਸ਼ਣ ਲਈ ਪਬਲਿਕ ਹੈਲਥ ਲੈਬਾਰਟਰੀ ਭੇਜੇ ਗਏ ਹਨ ਅਤੇ ਅੱਠ ਪਾਣੀ ਸਰੋਤਾਂ ਦੇ ਨਮੂਨੇ ਦੂਸ਼ਿਤ ਪਾਏ ਗਏ ਹਨ।
ਜੀ.ਬੀ.ਐਸ. ਇਕ ਦੁਰਲੱਭ ਅਵਸਥਾ ਹੈ ਜੋ ਅਚਾਨਕ ਸੁੰਨਤਾ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਦਾ ਕਾਰਨ ਬਣਦੀ ਹੈ, ਜਿਸ ਦੇ ਲੱਛਣਾਂ ’ਚ ਅੰਗਾਂ ’ਚ ਗੰਭੀਰ ਕਮਜ਼ੋਰੀ ਸ਼ਾਮਲ ਹੈ। ਦੂਸ਼ਿਤ ਭੋਜਨ ਅਤੇ ਪਾਣੀ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਕੈਂਪੀਲੋਬੈਕਟਰ ਜੇਜੁਨੀ ਨੂੰ ਇਸ ਦੇ ਫੈਲਣ ਦਾ ਕਾਰਨ ਮੰਨਿਆ ਜਾਂਦਾ ਹੈ।
ਦੂਜੇ ਪਾਸੇ ਤੇਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ ਦੀ ਇਕ ਔਰਤ ’ਚ ਵੀ ਜੀ.ਬੀ.ਐਸ. ਦੀ ਪਛਾਣ ਕੀਤੀ ਗਈ ਹੈ, ਜੋ ਇਸ ਸਮੇਂ ਪੁਣੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕੁੱਝ ਹਿੱਸਿਆਂ ’ਚ ਪ੍ਰਚਲਿਤ ਹੈ। ਕੇ.ਆਈ.ਐਮ.ਐਸ. ਹਸਪਤਾਲ ਵਲੋਂ ਸ਼ੁਕਰਵਾਰ ਨੂੰ ਜਾਰੀ ਬਿਆਨ ਅਨੁਸਾਰ ਮਰੀਜ਼ ਦਾ ਪੁਣੇ ਦੀ ਕੋਈ ਯਾਤਰਾ ਇਤਿਹਾਸ ਨਹੀਂ ਹੈ। ਉਸ ਨੂੰ ਕੇ.ਆਈ.ਐਮ.ਐਸ. ਹਸਪਤਾਲ ਵਿਚ ਵੈਂਟੀਲੇਟਰ ਸਹਾਇਤਾ ਇਲਾਜ ’ਤੇ ਰੱਖਿਆ ਗਿਆ ਹੈ।