ਕਾਨਫੀਡੈਂਟ ਗਰੁੱਪ ਦੇ ਚੇਅਰਮੈਨ ਨੇ ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ
ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਬੰਗਲੁਰੂ : ਕਾਨਫੀਡੈਂਟ ਗਰੁੱਪ ਦੇ ਚੇਅਰਮੈਨ ਸੀ.ਜੇ. ਰੌਏ ਦੇ ਦਫਤਰ ਅਤੇ ਘਰ 'ਤੇ ਤਿੰਨ ਦਿਨਾਂ ਤੋਂ ਇਨਕਮ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਸੀ। ਇਸੇ ਦੌਰਾਨ ਸੀ.ਜੇ. ਰੌਏ ਨੇ ਸ਼ੁੱਕਰਵਾਰ ਨੂੰ ਸੈਂਟਰਲ ਬੰਗਲੌਰੂ ਵਿੱਚ ਰਿਚਮੰਡ ਸਰਕਲ ਦੇ ਨੇੜੇ ਕੰਪਨੀ ਦੇ ਦਫ਼ਤਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਇਹ ਘਟਨਾ ਦੁਪਹਿਰ ਕਰੀਬ 3.15 ਵਜੇ ਵਾਪਰੀ । ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੀ ਤਲਾਸ਼ੀ ਚੱਲ ਰਹੀ ਸੀ। ਰੌਏ ਦੀ ਆਤਮਹੱਤਿਆ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਛਾਪੇਮਾਰੀ ਦੀ ਪ੍ਰਕਿਰਿਆ ਵਿਚਕਾਰ ਛੱਡ ਕੇ ਚਲੇ ਗਏ।
ਰੌਏ ਦੀ ਨੈੱਟਵਰਥ 9 ਹਜ਼ਾਰ ਕਰੋੜ ਰੁਪਏ ਸੀ । ਉਨ੍ਹਾਂ ਕੋਲ ਪ੍ਰਾਈਵੇਟ ਜੈੱਟ ਅਤੇ 200 ਤੋਂ ਵੱਧ ਲਗਜ਼ਰੀ ਕਾਰਾਂ ਹਨ । ਇਨ੍ਹਾਂ ਵਿੱਚੋਂ 12 ਰੋਲਸ ਰਾਇਸ ਵੀ ਸ਼ਾਮਲ ਸਨ । ਮੂਲ ਰੂਪ ਵਿੱਚ ਕੇਰਲ ਦੇ ਵਾਸੀ ਰੌਏ ਦਾ ਕਾਰੋਬਾਰ ਕਰਨਾਟਕ ਅਤੇ ਦੁਬਈ ਵਿੱਚ ਫੈਲਿਆ ਹੋਇਆ ਸੀ। ਕਾਨਫੀਡੈਂਟ ਗਰੁੱਪ ਕੇਰਲ ਅਤੇ ਕਰਨਾਟਕ ਦਾ ਰੀਅਲ ਐਸਟੇਟ ਡਿਵੈਲਪਰ ਹੈ।
ਪੁਲਿਸ ਨੇ ਦੱਸਿਆ ਕਿ ਮੌਕੇ 'ਤੇ ਕੋਈ ਇਨਕਮ ਟੈਕਸ ਵਿਭਾਗ ਦਾ ਅਧਿਕਾਰੀ ਮੌਜੂਦ ਨਹੀਂ ਸੀ। ਬੰਗਲੌਰੂ ਪੁਲਿਸ ਜਾਂਚ ਦੇ ਤੌਰ 'ਤੇ ਇਨਕਮ ਟੈਕਸ ਵਿਭਾਗ ਤੋਂ ਜ਼ਰੂਰੀ ਜਾਣਕਾਰੀ ਲਵੇਗੀ। ਉਧਰ ਰੌਏ ਦੀ ਪਤਨੀ ਅਤੇ ਬੇਟਾ ਸ਼ਨੀਵਾਰ ਨੂੰ ਬੰਗਲੌਰੂ ਦੇ ਬਾਓਰਿੰਗ ਹਸਪਤਾਲ ਵਿੱਚ ਪੋਸਟਮਾਰਟਮ ਸੈਂਟਰ ਪਹੁੰਚੇ। ਪੁਲਿਸ ਕਾਨੂੰਨੀ ਅਧਾਰ 'ਤੇ ਵੇਖ ਰਹੀ ਹੈ ਕਿ ਇਸ ਨੂੰ ਸਾਧਾਰਨ ਮੌਤ ਵਜੋਂ ਦਰਜ ਕੀਤਾ ਜਾਵੇ ਜਾਂ ਆਤਮਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਲਗਾਈਆਂ ਜਾਣ । ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਕਾਨਫੀਡੈਂਟ ਗਰੁੱਪ ਦੇ ਇੱਕ ਡਾਇਰੈਕਟਰ ਨੇ ਪਹਿਲਾਂ ਹੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਦਫ਼ਤਰ ਕੈਂਪਸ ਤੋਂ ਸਬੂਤ ਜੁਟਾਏ ਜਾ ਰਹੇ ਹਨ। ਰਿਕਾਰਡ ਅਤੇ ਬਿਆਨਾਂ ਦੀ ਜਾਂਚ ਤੋਂ ਬਾਅਦ ਮਾਮਲਾ ਹੋਰ ਸਾਫ ਹੋਣ ਦੀ ਉਮੀਦ ਹੈ।