ਰਵਿਦਾਸ ਜੀ ਦੀਆਂ ਬਰਾਬਰੀ, ਸਮਾਜਕ ਨਿਆਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰੋ : ਰਾਸ਼ਟਰਪਤੀ ਮੁਰਮੂ
ਸਿੱਖਿਆਵਾਂ ਨੂੰ ਅਪਣੇ ਜੀਵਨ ’ਚ ਸ਼ਾਮਲ ਕਰਨ ਅਤੇ ਰਾਸ਼ਟਰ ਨਿਰਮਾਣ ’ਚ ਸਰਗਰਮੀ ਨਾਲ ਯੋਗਦਾਨ ਪਾਉਣ।
ਨਵੀਂ ਦਿੱਲੀ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ਉਤੇ ਸਨਿਚਰਵਾਰ ਨੂੰ ਵਧਾਈ ਸੰਦੇਸ਼ ਜਾਰੀ ਕੀਤਾ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣੇ ਜੀਵਨ ’ਚ ਸ਼ਾਮਲ ਕਰਨ ਅਤੇ ਰਾਸ਼ਟਰ ਨਿਰਮਾਣ ’ਚ ਸਰਗਰਮੀ ਨਾਲ ਯੋਗਦਾਨ ਪਾਉਣ।
ਮੁਰਮੂ ਨੇ ਕਿਹਾ ਕਿ ਭਗਤ ਰਵਿਦਾਸ ਇਕ ਸਤਿਕਾਰਯੋਗ ਸੰਤ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਅਪਣੀਆਂ ਸਿੱਖਿਆਵਾਂ ਰਾਹੀਂ ਸਮਾਨਤਾ, ਸਮਾਜਕ ਨਿਆਂ ਅਤੇ ਪਿਆਰ ਦਾ ਸੰਦੇਸ਼ ਦਿਤਾ। ਉਨ੍ਹਾਂ ਕਿਹਾ, ‘‘ਸਾਦਗੀ ਅਤੇ ਨੈਤਿਕ ਅਨੁਸ਼ਾਸਨ ਦੇ ਮਾਰਗ ਉਤੇ ਚਲਦੇ ਹੋਏ, ਉਨ੍ਹਾਂ ਨੇ ਜਾਤ ਅਤੇ ਧਰਮ ਦੇ ਅਧਾਰ ਉਤੇ ਵਿਤਕਰੇ ਨੂੰ ਖ਼ਤਮ ਕਰਨ ਲਈ ਅਣਥੱਕ ਮਿਹਨਤ ਕੀਤੀ।’’ ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੇ ਵਿਚਾਰ ਹਮੇਸ਼ਾ ਪ੍ਰਾਸੰਗਿਕ ਰਹਿਣਗੇ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਕਿਹਾ, ‘‘ਆਉ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣੇ ਜੀਵਨ ਵਿਚ ਸ਼ਾਮਲ ਕਰੀਏ ਅਤੇ ਰਾਸ਼ਟਰ ਨਿਰਮਾਣ ਵਿਚ ਸਰਗਰਮੀ ਨਾਲ ਯੋਗਦਾਨ ਦੇਈਏ।’’