ਜਾਨ੍ਹਵੀ ਕੁਕਰੇਜ਼ਾ ਕਤਲ ਮਾਮਲੇ 'ਚ ਮੁੰਬਈ ਦੀ ਅਦਾਲਤ ਨੇ ਜੋਗਧਨਕਰ ਨੂੰ ਸੁਣਾਈ ਉਮਰ ਕੈਦ
ਇਕ ਹੋਰ ਦੋਸ਼ੀ ਦੀਆ ਪਡਲਕਰ ਨੂੰ ਕੀਤਾ ਬਰੀ
ਮੁੰਬਈ : ਮੁੰਬਈ ਦੀ ਇਕ ਅਦਾਲਤ ਨੇ ਸਾਲ 2021 ਦੇ ਬਹੁਚਰਚਿਤ ਜਾਨ੍ਹਵੀ ਕੁਕਰੇਜਾ ਕਤਲ ਮਾਮਲੇ ’ਚ ਸ਼ਨੀਵਾਰ ਨੂੰ ਅਹਿਮ ਫ਼ੈਸਲਾ ਸੁਣਾਇਆ। ਅਦਾਲਤ ਨੇ 19 ਸਾਲਾ ਪੀੜਤਾ ਦੀ ਹੱਤਿਆ ਦੇ ਮਾਮਲੇ ’ਚ ਉਸ ਦੇ ਦੋਸਤ ਜੋਗਧਨਕਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਉਥੇ ਹੀ ਇਸ ਮਾਮਲੇ ’ਚ ਨਾਮਜ਼ਦ ਦੂਜੇ ਆਰੋਪੀ ਦੀਆ ਪਡਲਕਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ।
19 ਸਾਲ ਦੀ ਜਾਨ੍ਹਵੀ ਕੁਕਰੇਜਾ ਦੀ 1 ਜਨਵਰੀ 2021 ਨੂੰ ਮਹਾਂਨਗਰ ਦੇ ਪੱਛਮੀ ਹਿੱਸੇ ਵਿਚ ਖਾਰ ਦੀ ਇਕ ਇਮਾਰਤ ਵਿਚ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਜੋਗਧਨਕਰ ਅਤੇ ਪਡਲਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਦੋਵੇਂ ਮ੍ਰਿਤਕ ਦੇ ਦੋਸਤ ਸਨ। ਵਧੀਕ ਸੈਸ਼ਨ ਜੱਜ ਸੱਤਿਆਨਾਰਾਇਣ ਨਵੰਦਰ ਨੇ ਜੋਗਧਨਕਰ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕਤਲ ਦਾ ਦੋਸ਼ੀ ਪਾਇਆ। ਪੁਲਿਸ ਅਨੁਸਾਰ, ਜੋਗਧਨਕਰ ਅਤੇ ਪਡਲਕਰ ਨੇ ਇਕ ਇਮਾਰਤ ਦੀ ਛੱਤ 'ਤੇ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ਤੋਂ ਬਾਅਦ ਕੁਕਰੇਜਾ 'ਤੇ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਸੀ ਅਤੇ ਉਸਨੂੰ ਪੰਜਵੀਂ ਮੰਜ਼ਿਲ ਤੋਂ ਪੌੜੀਆਂ ਤੋਂ ਹੇਠਾਂ ਖਿੱਚ ਲਿਆ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਲੜਾਈ ਜੋਗਧਨਕਰ ਦੀ ਪਡਲਕਰ ਨਾਲ ਕਥਿਤ ਨੇੜਤਾ ਨੂੰ ਲੈ ਕੇ ਹੋਈ ਸੀ। ਜੱਜ ਨਵੰਦਰ ਨੇ ਪਡਲਕਰ ਨੂੰ ਮਾਮਲੇ ਵਿਚ ਬਰੀ ਕਰ ਦਿੱਤਾ।