ਦਸਮੇਸ਼ ਅਕੈਡਮੀ ਵਲੋਂ 'ਸਿਵਿਲ ਕੋਚਿੰਗ' ਦੇ ਛੇਵੇਂ ਬੈਚ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਸਮੇਸ਼ ਅਕਾਦਮੀ ਵਲੋਂ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਦੀ ਕੋਚਿੰਗ ਦੇਣ ਲਈ ਗੁਰਦਵਾਰਾ ਨਾਨਕ ਦਰਬਾਰ ਆਰ.ਕੇ.ਪੁਰਮ ਸੈਕਟਰ ਪੰਜ ਵਿਖੇ ਅਪਣੇ ਛੇਵੇਂ ਬੈਚ ਦੀ ਆਰੰਭਤਾ ਕੀਤੀ।

Dashmesh academy

ਨਵੀਂ ਦਿੱਲੀ, 2 ਅਗੱਸਤ (ਸੁਖਰਾਜ ਸਿੰਘ): ਦਸਮੇਸ਼ ਅਕਾਦਮੀ ਵਲੋਂ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਦੀ ਕੋਚਿੰਗ ਦੇਣ ਲਈ ਗੁਰਦਵਾਰਾ ਨਾਨਕ ਦਰਬਾਰ ਆਰ.ਕੇ.ਪੁਰਮ ਸੈਕਟਰ ਪੰਜ ਵਿਖੇ ਅਪਣੇ ਛੇਵੇਂ ਬੈਚ ਦੀ ਆਰੰਭਤਾ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਹਾਜ਼ਰੀ ਭਰੀ। ਵਿਸ਼ੇਸ ਮਹਿਮਾਨ ਵਜੋਂ ਆਈ.ਪੀ.ਐੱਸ. ਆਨੰਦ, ਰਾਜ ਕਮਲ, ਸ਼ਸੀਧਰ, ਅਮਰਜੀਤ ਸਿੰਘ ਛੱਗਰ ਵੀ ਹਾਜ਼ਰ ਹੋਏ। ਅਕਾਦਮੀ ਦੇ ਅਹੁਦੇਦਾਰਾਂ ਡਾ. ਹਰਮੀਤ ਸਿੰਘ, ਸਤਪਾਲ ਸਿੰਘ ਆਜ਼ਾਦ, ਅਨਮੋਲ ਸਿੰਘ, ਗੁਰਦੀਪ ਸਿੰਘ, ਜੇ.ਐੱਸ. ਚਾਹਲ, ਹਰਬੰਸ ਸਿੰਘ ਲਾਂਗਰੀ ਹੋਰਾਂ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਦੁਸ਼ਾਲਾ ਭੇਟ ਕਰਕੇ ਸੁਆਗਤ ਕੀਤਾ। ਡਾ. ਹਰਮੀਤ ਸਿੰਘ ਨੇ ਦੱਸਿਆ ਕਿ ਅਕਾਦਮੀ ਪਿਛਲੇ ਪੰਜ ਵਰ੍ਹਿਆਂ ਤੋਂ ਨੌਜਵਾਨਾਂ ਨੂੰ ਸਿਵਿਲ ਸੇਵਾਵਾਂ ਵਿੱਚ ਜਾਣ ਲਈ ਪ੍ਰੇਰਿਤ ਕਰਦੇ ਹੋਏ ਉ੍ਹਨਾਂ ਲਈ ਗੁਰਦਵਾਰਾ ਸਾਹਿਬ ਵਿਖੇ ਕੋਚਿੰਗ ਕੇਂਦਰ ਚਲਾ ਰਹੀ ਹੈ। ਵਿਦਿਆਰਥੀ ਸਿਵਿਲ ਸੇਵਾਵਾਂ ਦੀ ਮੁੱਖ ਪ੍ਰੀਖਿਆ ਪਾਸ ਕਰਦੇ ਹੋਏ ਆਈ.ਪੀ.ਐੱਸ ਦੇ ਅਹੁਦੇ ਤੱਕ ਜਾ ਪਹੁੰਚੇ ਹਨ ਤੇ ਕਈ ਵਿਦਿਆਰਥੀ ਹੋਰ ਕੇਂਦਰੀ ਸੇਵਾਵਾਂ ਵਿਚ ਅਪਣੀਆਂ ਡਿਊਟੀਆਂ ਨਿਭਾ ਰਹੇ ਹਨ। ਸੰਸਥਾ ਦਾ ਇਹ ਛੇਵਾਂ ਬੈਚ ਆਰੰਭ ਹੋਇਆ ਹੈ। ਜੰਮੂ, ਰਾਜਸਥਾਨ, ਯੂ.ਪੀ., ਪੰਜਾਬ ਤੇ ਦਿੱਲੀ ਤੋਂ ਸੈਂਕੜੇ ਕੁੜੀਆਂ ਮੁੰਡਿਆਂ ਨੇ  ਸ਼ਮੂਲੀਅਤ ਕੀਤੀ ਤੇ ਸਿਵਿਲ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਸਮਝਿਆ। ਡਾ. ਸਿੰਘ ਹੋਰਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਰੀਲਿਮ ਪ੍ਰੀਖਿਆ ਦੇ ਨਾਲ-ਨਾਲ ਇਕਨਾਮਿਕਸ, ਹਿਸਟਰੀ, ਜੋਗਰਾਫੀ, ਪੋਲੀਟੀਕਲ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਅਕਾਦਮੀ ਦੇ ਮਾਹਿਰ ਅਧਿਆਪਕਾਂ ਵਲੋਂ ਕਰਵਾਈ ਜਾਵੇਗੀ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਸਥਾ ਵਿੱਚ ਸਿਵਿਲ ਸੇਵਾਵਾਂ ਦੀ ਕੋਚਿੰਗ ਲਈ ਹਰੇਕ ਧਰਮ ਦੇ ਵਿਦਿਆਰਥੀ ਇਥੇ ਆ ਰਹੇ ਹਨ।ਆਈ.ਪੀ.ਐਸ ਆਨੰਦ ਨੇ ਵਿਦਿਆਰਥੀਆਂ ਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਬਾਰੇ ਜ਼ੋਰ ਦਿਤਾ।
ਸ੍ਰੀ ਰਾਜਕਮਲ ਨੇ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਦੀ ਮਹੱਤਤਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਅਮਰਜੀਤ ਸਿੰਘ ਛੱਗਰ ਨੇ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਲਈ ਆਪਣੇ ਵਿਸ਼ੇ ਦੀ ਚੋਣ ਕਰਨ ਸਮੇਂ ਵਿਸ਼ੇਸ਼ ਧਿਆਨ ਨਾਲ ਕਰਨ ਲਈ ਕਿਹਾ। ਨੌਜਵਾਨਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਅਕਾਦਮੀ ਵਲੋਂ ਅਪਣੇ ਇਥੇ 40-40 ਵਿਦਿਆਰਥੀਆਂ ਦੇ ਦੋ ਬੈਚ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਸੰਸਥਾ ਵਲੋਂ ਸਿਵਿਲ ਸਰਵਿਸ ਦੀ ਕੋਚਿੰਗ ਸੰਬੰਧੀ ਕਲਾਸਾਂ ਸ਼ਨੀਵਾਰ ਤੇ ਐਤਵਾਰ ਨੂੰ ਲਗਦੀਆਂ ਹਨ।