ਜਾਂਚ ਦੇ ਨਾਮ 'ਤੇ ਅਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਯੋਗੀ ਸਰਕਾਰ : ਅਖਿਲੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਰਾਜ ਦੀ ਯੋਗੀ ਸਰਕਾਰ 'ਤੇ ਅਪਣੇ ਰਾਜਨੀਤਕ ਵਿਰੋਧੀਆਂ

Akhilesh Yadav attacks CM Yogi Says Govt targets Opponents

ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਰਾਜ ਦੀ ਯੋਗੀ ਸਰਕਾਰ 'ਤੇ ਅਪਣੇ ਰਾਜਨੀਤਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਅਖਿਲੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੂਬੇ ਦੀ ਭਾਜਪਾ ਸਰਕਾਰ ਅਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ। ਇਸੇ ਤਹਿਤ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖ਼ਾਂ ਨੂੰ ਜਲ ਨਿਗਮ ਦੀਆਂ ਭਰਤੀਆਂ ਦੇ ਮਾਮਲੇ ਵਿਚ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਇਹ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਹੈ, ਉਲਟਾ ਜੋ ਨੌਕਰੀਆਂ ਦਿਤੀਆਂ ਗਈਆਂ, ਉਨ੍ਹਾਂ 'ਤੇ ਵੀ ਉਹ ਸਵਾਲ ਉਠਾ ਰਹੀ ਹੈ। 

ਉਨ੍ਹਾਂ ਆਖਿਆ ਕਿ ਚਾਹੇ ਪਿਛਲੀ ਸਰਕਾਰ ਦੁਆਰਾ ਬਣਵਾਇਆ ਗਿਆ ਆਗਰਾ-ਲਖਨਊ ਐਕਸਪ੍ਰੈੱਸ ਵੇਅ ਹੋਵੇ ਜਾਂ ਫਿ਼ਰ ਗੋਮਤੀ ਰਿਵਰ ਫਰੰਟ, ਸਰਕਾਰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਜਾਂਚ ਏਜੰਸੀਆਂ ਜ਼ਰੀਏ ਵਿਰੋਧੀਆਂ ਦੇ ਲੋਕਾਂ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ ਪਰ ਇਹ ਵੀ ਧਿਆਨ ਰਹੇ ਕਿ ਭਾਜਪਾ ਜੋ ਬੀਜ ਰਹੀ ਹੈ, ਵੱਢਣਾ ਵੀ ਉਸੇ ਨੂੰ ਪਵੇਗਾ। 

ਸਪਾ ਮੁਖੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਬੀਤੇ ਦਿਨ ਗਾਜ਼ੀਆਬਾਦ ਵਿਚ ਪਿਛਲੀ ਸਪਾ ਸਰਕਾਰ ਦੁਆਰਾ ਬਣਾਏ ਗਏ ਉਸ ਏਲੀਵੇਟਿਡ ਰੋਡ ਦਾ ਉਦਘਾਟਨ ਕੀਤਾ, ਜਿਸ ਦਾ ਉਦਘਾਟਨ ਪਹਿਲਾਂ ਹੀ ਹੋ ਚੁੱਕਿਆ ਸੀ।  ਮਾਇਆਵਤੀ ਨੂੰ ਐਨਡੀਏ ਗਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਸਬੰਠੀ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੇ ਬਿਆਨ 'ਤੇ ਬੋਲਦਿਆਂ ਅਖਿਲੇਸ਼ ਨੇ ਕਿਹਾ ਕਿ ਅਠਾਵਲੇ ਜੀ ਬਹੁਤ ਚੰਗੇ ਮੰਤਰੀ ਹਨ, ਜਦੋਂ ਮੈਂ ਸੰਸਦ ਮੈਂਬਰ ਸੀ, ਉਦੋਂ ਸਦਨ ਵਿਚ ਉਨ੍ਹਾਂ ਤੋਂ ਜ਼ਿਆਦਾ ਮਨੋਰੰਜਨ ਕੋਈ ਹੋਰ ਨਹੀਂ ਕਰਦਾ ਸੀ।

ਉਨ੍ਹਾਂ ਆਖਿਆ ਕਿ ਅਜੇ ਤਾਂ ਸਿਰਫ਼ ਦੋ ਚੋਣਾਂ ਲਈ ਸਪਾ ਅਤੇ ਬਸਪਾ ਦਾ ਗਠਜੋੜ ਹੋਇਆ ਸੀ। ਇੰਨੇ ਵਿਚ ਹੀ ਭਾਜਪਾ ਨੂੰ ਪਰੇਸ਼ਾਨੀ ਹੋ ਗਈ। ਭਾਜਪਾ ਨੇ ਪੂਰੇ ਦੇਸ਼ ਵਿਚ ਵੱਖ-ਵੱਖ ਪਾਰਟੀਆਂ ਦੇ ਨਾਲ 45 ਗਠਜੋੜ ਕੀਤੇ ਹਨ। ਜਦੋਂ ਅਸੀਂ 45 ਤਕ ਪਹੁੰਚਣਗੇ ਤਾਂ ਭਾਜਪਾ ਦਾ ਕੀ ਹਾਲ ਹੋਵੇਗਾ। ਵਿਧਾਨ ਪ੍ਰੀਸ਼ਦ ਦੀਆਂ ਅਗਾਮੀ ਚੋਣਾਂ ਵਿਚ ਸਪਾ ਅਤੇ ਬਸਪਾ ਦੇ ਵਿਚਕਾਰ ਤਾਲਮੇਲ ਦੀਆਂ ਸੰਭਾਵਨਾਵਾਂ ਸਬੰਧੀ ਸਵਾਲ 'ਤੇ ਅਖਿਲੇਸ਼ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ।