ਗਿਲਾਨੀ ਦੇ ਕਰੀਬੀ ਬਹਿਲ ਨੇ ਪਾਕਿਸਤਾਨ ਨੂੰ ਭੇਜੀ ਖ਼ੁਫ਼ੀਆ ਜਾਣਕਾਰੀ : ਜਾਂਚ ਏਜੰਸੀ
ਵੱਖਵਾਦੀ ਨੇਤਾ ਸਈਅਦ ਸ਼ਾਹ ਗਿਲਾਨੀ ਦੇ ਕਰੀਬੀ ਦਵਿੰਦਰ ਸਿੰਘ ਬਹਿਲ ਬਾਬਤ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਨੇ ਦਾਅਵਾ ਕੀਤਾ ਹੈ ਕਿ ਬਹਿਲ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ
ਨਵੀਂ ਦਿੱਲੀ, 1 ਅਗੱਸਤ : ਵੱਖਵਾਦੀ ਨੇਤਾ ਸਈਅਦ ਸ਼ਾਹ ਗਿਲਾਨੀ ਦੇ ਕਰੀਬੀ ਦਵਿੰਦਰ ਸਿੰਘ ਬਹਿਲ ਬਾਬਤ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਨੇ ਦਾਅਵਾ ਕੀਤਾ ਹੈ ਕਿ ਬਹਿਲ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਸੰਪਰਕ ਵਿਚ ਰਹਿ ਕੇ ਕੰਮ ਕਰ ਰਿਹਾ ਸੀ।
ਜਾਂਚ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਹਿਲ ਨੇ ਭਾਰਤੀ ਫ਼ੌਜ ਦੀਆਂ ਗੁਪਤ ਜਾਣਕਾਰੀਆਂ ਅਤੇ ਸਰਗਰਮੀਆਂ ਦੀ ਜਾਣਕਾਰੀ ਪਾਕਿਸਤਾਨੀ ਏਜੰਸੀ ਆਈਐਸਆਈ ਨਾਲ ਸਾਂਝੀਆਂ ਕੀਤੀਆਂ ਹਨ। ਵਕੀਲ ਬਹਿਲ ਦੇ ਘਰ ਐਤਵਾਰ ਨੂੰ ਛਾਪਾ ਮਾਰਿਆ ਗਿਆ ਸੀ ਅਤੇ ਟੀਮ ਉਸ ਦੀ ਜਾਇਦਾਦ ਦੀ ਜਾਣਕਾਰੀ ਇਕੱਠੀ ਕਰਨ ਵਿਚ ਲੱਗੀ ਹੋਈ ਹੈ। ਬਹਿਲ ਦੀਆਂ ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਜਗ੍ਹਾ ਬੇਨਾਮੀ ਸੰਪਤੀਆਂ ਹੋਣ ਦਾ ਪਤਾ ਲੱਗਾ ਹੈ। ਘਰ ਤੋਂ ਬਰਾਮਦ ਮੋਬਾਈਲ ਫ਼ੋਨ ਦੀ ਕਾਲ ਡਿਟੇਲ ਵੀ ਘੋਖੀ ਜਾ ਰਹੀ ਹੈ। ਨਾਲ ਹੀ ਲੈਪਟਾਪ ਵਿਚ ਦਰਜ ਜਾਣਕਾਰੀਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਜਾਂਚ ਏਜੰਸੀ ਵੱਖਵਾਦੀਆਂ ਦੇ ਲਿੰਕ ਘੋਖਣ ਤੋਂ ਇਲਾਵਾ ਬਾਹਰੋਂ ਆ ਰਹੇ ਪੈਸੇ ਬਾਰੇ ਵੀ ਸਬੂਤ ਇਕੱਠੇ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਹਿਰ ਦੇ ਘਰੋਂ ਬਰਾਮਦ ਦਸਤਾਵੇਜ਼ਾਂ ਦੀ ਜਾਂਚ ਚੱਲ ਰਹੀ ਹੈ। ਉਸ ਦੇ ਬੈਂਕ ਖਾਤੇ ਵੀ ਫਰੋਲੇ ਜਾ ਰਹੇ ਹਨ।
ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀ ਨੇ ਦਸਿਆ, 'ਸਾਨੂੰ ਸ਼ੱਕ ਹੈ ਕਿ ਪਾਕਿਸਤਾਨੀ ਹਾਈ ਕਮਿਸ਼ਨ ਦੇ ਬੰਦਿਆਂ ਨਾਲ ਸੰਪਰਕ ਵਿਚ ਰਹਿਣ ਵਾਲੇ ਬਹਿਲ ਨੇ ਆਈਐਸਆਈ ਦੇ ਜਾਸੂਸਾਂ ਨੂੰ ਖ਼ੁਫ਼ੀਆ ਜਾਣਕਾਰੀਆਂ ਦੇ ਕੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਇਆ ਹੈ। ਇਹ ਗੰਭੀਰ ਅਪਰਾਧ ਹੈ ਅਤੇ ਉਸ ਵਿਰੁਧ ਧਾਰਾ 121 ਯਾਨੀ ਰਾਜ ਵਿਰੁਧ ਯੁੱਧ ਛੇੜਨ ਤਹਿਤ ਕੇਸ ਬਣਦਾ ਹੈ। (ਏਜੰਸੀ)