ਸੀਬੀਐਸਈ ਦੀ ਗੁਸਤਾਖ਼ੀ ਮੁਆਫ਼ ਕਰਨ ਨੂੰ ਤਿਆਰ ਨਹੀਂ ਹਨ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਐਸਈ ਦਾ ਪੇਪਰ ਲੀਕ ਹੋਣ ਤੋਂ ਬਾਅਦ 12ਵੀਂ ਅਤੇ 10ਵੀਂ ਦੇ ਪੇਪਰ ਰੱਦ ਹੋਣ ਦਾ ਘਟਨਾਕ੍ਰਮ ਜਿਵੇਂ ਹੀ ਸਾਹਮਣੇ ਆਇਆ ਤਾਂ ਦੇਸ਼ ਭਰ ਦੇ ਵਿਦਿਆਰਥੀਆਂ ਦਾ ਗੁੱਸਾ

CBSE Paper Leak Student Srotesting in Delhi

ਨਵੀਂ ਦਿੱਲੀ : ਸੀਬੀਐਸਈ ਦਾ ਪੇਪਰ ਲੀਕ ਹੋਣ ਤੋਂ ਬਾਅਦ 12ਵੀਂ ਅਤੇ 10ਵੀਂ ਦੇ ਪੇਪਰ ਰੱਦ ਹੋਣ ਦਾ ਘਟਨਾਕ੍ਰਮ ਜਿਵੇਂ ਹੀ ਸਾਹਮਣੇ ਆਇਆ ਤਾਂ ਦੇਸ਼ ਭਰ ਦੇ ਵਿਦਿਆਰਥੀਆਂ ਦਾ ਗੁੱਸਾ ਵੀ ਸੀਬੀਐਸਈ ਵਿਰੁਧ ਭੜਕ ਉਠਿਆ। ਪਿਛਲੇ ਦੋ ਦਿਨਾਂ ਤੋਂ ਵਿਦਿਆਰਥੀ ਵੱਖ-ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕਰ ਕੇ ਸੀਬੀਐਸਈ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਰਹੇ ਹਨ।

ਭਾਵੇਂ ਬੀਤੇ ਦਿਨ ਸੀਬੀਐਸਈ ਪ੍ਰਬੰਧਕਾਂ ਨੇ 10ਵੀਂ ਦੇ ਵਿਦਿਆਰਥੀਆਂ ਨੂੰ ਕੁੱਝ ਰਾਹਤ ਦੇ ਦਿਤੀ ਤੇ 12ਵੀਂ ਜਮਾਤ ਦੀ ਪ੍ਰੀਖਿਆ 25 ਅਪ੍ਰੈਲ ਨੂੰ ਲੈਣ ਦਾ ਫ਼ੈਸਲਾ ਕੀਤਾ ਗਿਆ। ਇਸ ਫ਼ੈਸਲੇ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਇਕ ਵਾਰ ਫਿ਼ਰ ਭੜਕ ਉਠਿਆ। 

ਅੱਜ ਸਵੇਰੇ-ਸਵੇਰੇ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਇਕੱਠੇ ਹੋ ਕੇ ਸੀਬੀਐਸਈ ਦੇ ਮੁੱਖ ਦਫ਼ਤਰ ਦਿੱਲੀ ਪ੍ਰੀਤ ਵਿਹਾਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਦੇਖਦੇ ਹੀ ਦੇਖਦੇ ਵਿਦਿਆਰਥੀਆਂ ਨੇ ਨੇੜਲੀਆਂ ਸੜਕਾਂ ਨੂੰ ਰੋਕਣਾ ਸ਼ੁਰੂ ਕਰ ਦਿਤਾ, ਜਿਸ ਨਾਲ ਇਸ ਇਲਾਕੇ ਵਿਚ ਲੰਬੇ-ਲੰਬੇ ਜਾਮ ਲੱਗ ਗਏ। ਭੜਕੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਗੱਲ ਦੀ ਗਰੰਟੀ ਹੈ ਕਿ ਦੁਬਾਰਾ ਪੇਪਰ ਦੇਣ ਤੋਂ ਬਾਅਦ ਵੀ ਪੇਪਰ ਲੀਕ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚੋਂ ਵਿਦਿਆਰਥੀਆਂ ਨੇ ਅਪਣੇ ਤੌਰ 'ਤੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਬਾਰੇ ਸੀਬੀਐਸਈ ਨੂੰ ਪਹਿਲਾਂ ਤੋਂ ਹੀ ਜਾਣੂ ਕਰਵਾਉਣਾ ਸ਼ੁਰੂ ਕਰ ਦਿਤਾ ਸੀ ਪਰ ਸੀਬੀਐਸਈ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਪਹਿਲਾਂ ਗੁਨਾਹਗਾਰਾਂ ਨੂੰ ਫੜ ਕੇ ਸਜ਼ਾ ਦਿਤੀ ਜਾਵੇ, ਉਸ ਤੋਂ ਬਾਅਦ ਹੀ ਉਹ ਪੇਪਰ ਦੇਣ ਪ੍ਰੀਖਿਆ ਕੇਂਦਰ ਵਿਚ ਜਾਣਗੇ। 

ਦਸ ਦਈਏ ਕਿ ਵਿਦਿਆਰਥੀਆਂ ਦੇ ਸਮਰਥਨ ਵਿਚ ਕਈ ਸਿਆਸੀ ਪਾਰਟੀਆਂ ਵੀ ਉਤਰ ਆਈਆਂ ਹਨ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗ ਕੀਤੀ ਹੈ ਕਿ ਦੇਸ਼ ਦੇ ਸਾਰੇ ਰਾਜਾਂ ਦੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਬੁਲਾ ਕੇ ਸਿੱਖਿਆ ਸਬੰਧੀ ਕੋਈ ਸਖ਼ਤ ਫ਼ੈਸਲਾ ਲਿਆ ਜਾਵੇ।

ਇਸ ਤੋਂ ਇਲਾਵਾ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਭਾਜਪਾ ਵਿਰੁਧ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਵਿਦਿਆਰਥੀ ਉਨਾ ਚਿਰ ਪੇਪਰ ਦੇਣ ਨਾ ਜਾਣ, ਜਿੰਨਾ ਚਿਰ ਸੀਬੀਐਸਈ ਦਾ ਨਿਰਦੇਸ਼ਕ ਅਤੇ ਪ੍ਰਕਾਸ਼ ਜਾਵਡੇਕਰ ਅਪਣੀ ਗ਼ਲਤੀ ਮੰਨ ਕੇ ਅਸਤੀਫ਼ਾ ਨਹੀਂ ਦਿੰਦੇ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਵਿਅੰਗ ਕਰ ਚੁੱਕੇ ਹਨ।