ਚੀਨ ਨੇ ਭਾਰਤ ਨੂੰ ਡੋਕਲਾਮ ਤੋਂ ਫ਼ੌਜ ਹਟਾਉਣ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨੀ ਦਾਅਵਿਆਂ ਦੇ ਉਲਟ, ਡੋਕਲਾਮ ਵਿਚ ਭਾਰਤੀ ਫ਼ੌਜੀਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਕੀਤੀ ਗਈ ਹੈ। ਉਥੇ ਭਾਰਤੀ ਅਤੇ ਚੀਨੀ ਫ਼ੌਜੀ ਇਕ ਦੂਜੇ ਵਿਰੁਧ ਡਟੇ ਹੋਏ ਹਨ।

Army

ਨਵੀਂ ਦਿੱਲੀ, 2 ਅਗੱਸਤ : ਚੀਨੀ ਦਾਅਵਿਆਂ ਦੇ ਉਲਟ, ਡੋਕਲਾਮ ਵਿਚ ਭਾਰਤੀ ਫ਼ੌਜੀਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਕੀਤੀ ਗਈ ਹੈ। ਉਥੇ ਭਾਰਤੀ ਅਤੇ ਚੀਨੀ ਫ਼ੌਜੀ ਇਕ ਦੂਜੇ ਵਿਰੁਧ ਡਟੇ ਹੋਏ ਹਨ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਮਿਲੀ ਹੈ।
ਸੂਤਰਾਂ ਮੁਤਾਬਕ ਫ਼ੌਜੀ ਘੱਟ ਹੋਣ ਦੀ ਗੱਲ ਚੀਨ ਸਰਕਾਰ ਦੁਆਰਾ ਕਹੀ ਗਈ ਸੀ। ਚੀਨ ਪਹਿਲਾਂ ਹੀ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਸਰਹੱਦੀ ਮੁੱਦੇ 'ਤੇ ਗੱਲਬਾਤ ਤੋਂ ਪਹਿਲਾਂ ਭਾਰਤ ਨੂੰ ਸਿੱਕਮ ਤੋਂ ਅਪਣੇ ਫ਼ੌਜੀਆਂ ਦੀ ਗਿਣਤੀ ਘੱਟ ਕਰਨੀ ਪਵੇਗੀ। ਚੀਨ ਨੇ ਦਾਅਵਾ ਕੀਤਾ ਸੀ ਕਿ ਡੋਕਲਾਮ ਤੋਂ ਭਾਰਤ ਨੇ ਅਪਣੇ ਫ਼ੌਜੀ ਘਟਾ ਲਏ ਹਨ। ਚੀਨੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਡੋਕਲਾਮ ਸਰਹੱਦ 'ਤੇ ਜਿਥੇ ਪਹਿਲਾਂ ਕਰੀਬ 2400 ਭਾਰਤੀ ਫ਼ੌਜੀ ਡਟੇ ਹੋਏ ਸਨ, ਉਥੇ ਉਨ੍ਹਾਂ ਦੀ ਗਿਣਤੀ ਹੁਣ ਘਟਾ ਕੇ ਮਹਿਜ਼ 40 ਕਰ ਦਿਤੀ ਗਈ ਹੈ। ਉਧਰ, ਭਾਰਤ ਦਾ ਦਾਅਵਾ ਹੈ ਕਿ ਉਸ ਨੇ ਡੋਕਲਾਮ ਤੋਂ ਅਪਣਾ ਕੋਈ ਵੀ ਫ਼ੌਜੀ ਵਾਪਸ ਨਹੀਂ ਬੁਲਾਇਆ। ਜੋ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਸਰਾਸਰ ਗ਼ਲਤ ਹਨ। ਸੂਤਰ ਦਸਦੇ ਹਨ ਕਿ ਇਸ ਸਮੇਂ ਉਥੇ ਲਗਭਗ 350-400 ਫ਼ੌਜੀ ਤੈਨਾਤ ਹਨ। ਇਸੇ ਦੌਰਾਨ ਚੀਨ ਨੇ ਭਾਰਤ ਨੂੰ ਸਪੱਸ਼ਟ ਕਿਹਾ ਹੈ ਕਿ ਜੇ ਗੱਲਬਾਤ ਚਲਾਉਣੀ ਹੈ ਤਾਂ ਭਾਰਤ ਡੋਕਲਾਮ ਤੋਂ ਬਿਨਾਂ ਸ਼ਰਤ ਫ਼ੌਜ ਹਟਾਏ। ਇੰਜ ਚੀਨ ਦਾ ਅੜੀਅਲ ਰੁਖ਼ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਚੀਨ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਨੂੰ ਬਿਨਾਂ ਕਿਸੇ ਸ਼ਰਤ ਅਪਣੇ ਫ਼ੌਜੀ ਸਿੱਕਮ ਦੇ ਡੋਕਲਾਮ ਤੋਂ ਹਟਾਉਣੇ ਪੈਣਗੇ ਤਦ ਹੀ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋ ਸਕਦੀ ਹੈ। ਉਧਰ, ਭਾਰਤ ਨੇ ਅਪਣੇ ਫ਼ੌਜੀ ਹਟਾਉਣ ਤੋਂ ਇਨਕਾਰ ਕਰ ਦਿਤਾ ਹੈ। (ਏਜੰਸੀ)