ਛਾਪੇ ਵਿਰੁਧ ਸੰਸਦ ਵਿਚ ਕਾਂਗਰਸ ਮੈਂਬਰਾਂ ਦਾ ਹੰਗਾਮਾ
ਕਾਂਗਰਸ ਦੇ ਰਾਜ ਵਾਲੇ ਕਰਨਾਟਕ ਦੇ ਊਰਜਾ ਮੰਤਰੀ ਦੇ ਟਿਕਾਣਿਆਂ 'ਤੇ ਛਾਪੇ ਕਾਰਨ ਕਾਂਗਰਸ ਦੇ ਮੈਂਬਰਾਂ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਫ਼ੀ ਰੌਲਾ ਪਾਇਆ ਜਿਸ ਕਾਰਨ
ਨਵੀਂ ਦਿੱਲੀ, 2 ਅਗੱਸਤ : ਕਾਂਗਰਸ ਦੇ ਰਾਜ ਵਾਲੇ ਕਰਨਾਟਕ ਦੇ ਊਰਜਾ ਮੰਤਰੀ ਦੇ ਟਿਕਾਣਿਆਂ 'ਤੇ ਛਾਪੇ ਕਾਰਨ ਕਾਂਗਰਸ ਦੇ ਮੈਂਬਰਾਂ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਫ਼ੀ ਰੌਲਾ ਪਾਇਆ ਜਿਸ ਕਾਰਨ ਸਦਨ ਦੀ ਕਾਰਵਾਈ ਵਾਰ ਵਾਰ ਰੋਕਣੀ ਪਈ ਅਤੇ ਪੰਜ ਵਾਰ ਰੋਕੇ ਜਾਣ ਮਗਰੋਂ ਅਖ਼ੀਰ ਦੁਪਹਿਰ ਕਰੀਬ 2.45 'ਤੇ ਬੈਠਕ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ।
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਜ ਸਭਾ ਦੀ ਚੋਣ ਭੈਅਮੁਕਤ ਅਤੇ ਨਿਰਪਖੱ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਆਜ਼ਾਦ ਨੇ ਕਿਹਾ ਕਿ ਡਰ ਦਾ ਜਿਹੜਾ ਮਾਹੌਲ ਪੱਛਮ ਵਿਚ ਸੀ, ਉਹ ਦੱਖਣ ਵਿਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਂਗਰਸ ਦੇ ਮੈਂਬਰ ਵਾਰ ਵਾਰ ਚੇਅਰਮੈਨ ਦੀ ਕੁਰਸੀ ਅੱਗੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਨਾਹਰੇਬਾਜ਼ੀ ਕਰਦੇ ਰਹੇ। ਉਹ ਕਹਿ ਰਹੇ ਸਨ ਕਿ ਸੁਰੱਖਿਆ ਰਾਜ ਦਾ ਵਿਸ਼ਾ ਹੈ ਅਤੇ ਆਮਦਨ ਵਿਭਾਗ ਦੇ ਅਧਿਕਾਰੀਆਂ ਨੇ ਕੇਂਦਰੀ ਸੁਰੱਖਿਆ ਬਲਾਂ ਨਾਲ ਮਿਲ ਕੇ ਜੋ ਛਾਪਾ ਮਾਰਿਆ ਹੈ, ਉਸ ਲਈ ਸਬੰਧਤ ਰਾਜ ਸਰਕਾਰ ਦੀ ਪ੍ਰਵਾਨਗੀ ਨਹੀਂ ਲਈ ਗਈ। ਕਾਂਗਰਸ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਕੋਈ ਵੀ ਕੇਂਦਰੀ ਬਲ ਜਾਂ ਏਜੰਸੀ ਰਾਜ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਛਾਪਾ ਨਹੀਂ ਮਾਰ ਸਕਦੀ। ਇਸ ਤੋਂ ਬਾਅਦ ਕਾਂਗਰਸ ਮੈਂਬਰ ਕੇਂਦਰ ਸਰਕਾਰ ਦੇ ਵਿਰੋਧ 'ਚ ਨਾਹਰੇਬਾਜ਼ੀ ਕਰਦੇ ਹੋਏ ਕੁਰਸੀ ਸਾਹਮਣੇ ਆ ਗਏ। ਲਗਭਗ ਦਸ ਮਿੰਟ ਤਕ ਪਏ ਰੌਲੇ-ਰੱਪੇ ਤੋਂ ਬਾਅਦ ਚੇਅਰਮੈਨ ਪੀ ਜੇ ਕੁਰੀਅਨ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਰੋਕ ਦਿਤੀ। ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਇਹ ਛਾਪੇ ਰਾਜਸੀ ਰੰਜਸ਼ ਕਾਰਨ ਮਾਰੇ ਗਏ ਹਨ।
ਕਾਂਗਰਸੀ ਵਿਧਾਇਕਾਂ ਨੂੰ ਡਰਾਇਆ ਜਾ ਰਿਹਾ ਹੈ।
ਉਧਰ, ਸਰਕਾਰ ਵਲੋਂ ਅਰੁਣ ਜੇਤਲੀ ਨੇ ਦੋਹਾਂ ਸਦਨਾਂ ਵਿਚ ਸਰਕਾਰ ਦਾ ਬਚਾਅ ਕੀਤਾ। ਲੋਕ ਸਭਾ ਵਿਚ ਉਨ੍ਹਾਂ ਕਿਹਾ ਕਿ ਛਾਪੇ ਸ਼ੁਰੂ ਹੋਣ ਤੋਂ ਬਾਅਦ ਮੁਲਜ਼ਮ ਮੰਤਰੀ ਰਿਜ਼ਾਰਟ ਵਿਚ ਜਾ ਕੇ ਲੁਕ ਗਿਆ ਸੀ। ਅਧਿਕਾਰੀ ਉਸ ਦਾ ਬਿਆਨ ਲੈਣ ਰਿਜ਼ਾਰਟ ਵਿਚ ਗਏ ਸਨ। ਰਿਜ਼ਾਰਟ 'ਤੇ ਨਾ ਕੋਈ ਛਾਪਾ ਪਿਆ ਤੇ ਨਾ ਹੀ ਕਿਸੇ ਕਾਂਗਰਸ ਵਿਧਾਇਕ ਦੀ ਤਲਾਸ਼ੀ ਲਈ ਗਈ। ਜੇਤਲੀ ਨੇ ਕਿਹਾ ਕਿ ਜਦ ਅਧਿਕਾਰੀ ਰਿਜ਼ਾਰਟ ਵਿਚ ਪਹੁੰਚੇ ਤਾਂ ਦਸਤਾਵੇਜ਼ ਪਾੜੇ ਜਾ ਰਹੇ ਸਨ ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਗੁਜਰਾਤ ਦੀਆਂ ਕਿਸੇ ਚੋਣਾਂ ਜਾਂ ਰਾਜਨੀਤੀ ਨਾਲ ਸਬੰਧਤ ਨਹੀਂ। (ਏਜੰਸੀ)