ਜੰਮੂ ਕਸ਼ਮੀਰ ਵਿਚ ਜੀਐਸਟੀ ਦਾ ਵਿਸਤਾਰ ਅਹਿਮ ਕਦਮ : ਜੇਤਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 2 ਅਗੱਸਤ : ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿਚ ਜੀਐਸਟੀ ਦਾ ਵਿਸਤਾਰ ਦੇਸ਼ ਦੇ ਨਾਲ ਨਾਲ ਰਾਜ ਦੇ ਆਰਥਕ ਏਕੀਕਰਣ ਦੀ ਦਿਸ਼ਾ ਵਿਚ ਅਹਿਮ ਪਹਿਲ ਹੈ।

Jaitley

ਨਵੀਂ ਦਿੱਲੀ, 2 ਅਗੱਸਤ : ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿਚ ਜੀਐਸਟੀ ਦਾ ਵਿਸਤਾਰ ਦੇਸ਼ ਦੇ ਨਾਲ ਨਾਲ ਰਾਜ ਦੇ ਆਰਥਕ ਏਕੀਕਰਣ ਦੀ ਦਿਸ਼ਾ ਵਿਚ ਅਹਿਮ ਪਹਿਲ ਹੈ।
ਜੇਤਲੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਜੀਐਸਟੀ ਦੇ ਵਿਸਤਾਰ ਨਾਲ ਕੌਮੀ ਇਕਜੁਟਤਾ ਦੀ ਕਲਪਨਾ ਪੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵਿਸ਼ੇਸ਼ ਦਰਜੇ ਸਬੰਧੀ ਮਾਮਲਾ ਚੁਕਿਆ ਗਿਆ ਸੀ। ਇਹ ਸਪੱਸ਼ਟ ਹੋਇਆ ਕਿ ਵਿਸ਼ੇਸ਼ ਦਰਜਾ ਸੂਬੇ ਦੀ ਆਰਥਕ ਤਕੱਕੀ ਅਤੇ ਵਿਸ਼ਵਾਸ ਦੇ ਰਾਹ ਵਿਚ ਅੜਿੱਕਾ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸ ਜਿਹੀ ਕੌਮੀ ਪਾਰਟੀ ਨੂੰ ਵਿਸ਼ੇਸ਼ ਦਰਜੇ ਜਿਹੇ ਵਿਸ਼ੇ ਵਿਚ ਨਹੀਂ ਉਲਝਣਾ ਚਾਹੀਦਾ ਕਿਉਂਕਿ ਜੀਐਸਟੀ ਵਿਰੁਧ ਅਜਿਹੀ ਦਲੀਲ ਅਲੱਗਵਾਦੀ ਦਿੰਦੇ ਹੁੰਦੇ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਜੇ ਜੰਮੂ ਕਸ਼ਮੀਰ ਵਿਚ ਜੀਐਸਟੀ ਦਾ ਵਿਸਤਾਰ ਨਹੀਂ ਕਰਦੇ ਤਾਂ ਇਥੋਂ ਦੇ ਵਪਾਰੀਆਂ ਨੂੰ ਇਨਪੁਟ ਕਰੈਡਿਟ ਨਾ ਮਿਲਦਾ। ਗੁਆਂਢੀ ਰਾਜ ਵਿਚ ਚੀਜ਼ਾਂ ਸਸਤੀਆਂ ਹੁੰਦੀਆਂ ਤੇ ਸੂਬੇ ਦੇ ਲੋਕ ਉਥੋਂ ਸਮਾਨ ਖ਼ਰੀਦਦੇ। ਜੇਤਲੀ ਨੇ ਕਿਹਾ, 'ਜੀਐਸਟੀਐਨ ਵਿਚ ਲੱਖਾਂ ਲੋਕਾਂ ਦਾ ਪੰਜੀਕਰਣ ਹੋਵੇਗਾ। ਜੀਐਸਟੀਐਨ ਦਾ ਢਾਂਚਾ ਯੂਪੀਏ ਸਰਕਾਰ ਨੇ ਬਣਾਇਆ ਸੀ। ਮੇਰੇ ਉਪਰ ਉਸ ਨੂੰ ਬਦਲਣ ਦਾ ਦਬਾਅ ਸੀ ਪਰ ਅਸੀਂ ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਕਿਉਂਕਿ ਮੈਨੂੰ ਇਹ ਠੀਕ ਲੱਗਾ। ਹੁਣ ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ ਇਸ ਦਾ ਵਿਰੋਧ ਕਰ ਰਹੇ ਹਨ।'
ਉਨ੍ਹਾਂ ਕਿਹਾ ਕਿ ਜੀਐਸਟੀਐਨ ਨੂੰ ਵਾਰ ਵਾਰ ਮੁੱਦਾ ਬਣਾਉਣਾ ਠੀਕ ਨਹੀਂ। ਜੀਐਸਟੀ ਵਿਚ ਕਈ ਕਰ ਸ਼੍ਰੇਣੀਆਂ ਜਾਂ ਸਲੈਬ ਹੋਣ ਸਬੰਧੀ ਜੇਤਲੀ ਨੇ ਕਿਹਾ ਕਿ ਸਲੈਬ ਜ਼ਿਆਦਾ ਹੈ, ਮੈਂ ਮੰਨਦਾ ਹਾਂ ਪਰ ਇਹ ਤਰਕ ਗ਼ਰੀਬਾਂ ਦੇ ਵਿਰੁਧ ਅਤੇ ਅਮੀਰਾਂ ਦੇ ਹੱਕ ਵਿਚ ਹੈ। ਜੇ ਇਕ ਹੀ ਸਲੈਬ ਰੱਖੀ ਜਾਵੇਗੀ ਤਾਂ ਹਵਾਈ ਚੱਪਲ ਅਤੇ ਬੀਐਮਡਬਲਿਊ ਕਾਰ ਇਕ ਕਰ ਸਲੈਬ ਵਿਚ ਆਉਣਗੇ ਜੋ ਠੀਕ ਨਹੀਂ। ਸਾਰੀਆਂ ਚੀਜ਼ਾਂ 'ਤੇ ਇਕ ਟੈਕਸ ਲਾ ਦਈਏ ਤਾਂ ਅਮੀਰ ਅਤੇ ਗ਼ਰੀਬਾਂ ਦੀਆਂ ਚੀਜ਼ਾਂ 'ਤੇ ਇਕ ਹੀ ਟੈਕਸ ਲੱਗੇਗਾ। ਸੁਣਨ ਵਿਚ ਮਦਦ ਪਹੁੰਚਾਉਣ ਵਾਲੇ ਉਪਕਰਨ, ਸੈਨੇਟਰੀ ਨੈਪਕਿਨ ਜਿਹੀਆਂ ਚੀਜ਼ਾਂ ਨੂੰ ਜ਼ੀਰ ਕਰ ਦੇ ਦਾਇਰੇ ਵਿਚ ਲਿਆਉਣ ਦੀ ਮੰਗ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਜ਼ੀਰੋ ਵਿਚ ਕਈ ਚੀਜ਼ਾਂ ਆ ਗਈਆਂ ਹਨ ਜਿਨ੍ਹਾਂ 'ਤੇ ਟੈਕਸ ਨਹੀਂ ਹੈ ਅਤੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਗ਼ਰੀਬ ਹੀ ਕਰ ਰਹੇ ਹਨ। ਜੇਤਲੀ ਨੇ ਕਿਹਾ ਕਿ ਪਹਿਲਾਂ ਮਨੋਰੰਜਨ ਟੈਕਸ ਰਾਜ ਲਾਉਂਦੇ ਸੀ। ਵੱਖ ਵੱਖ ਸੂਬਿਆਂ ਵਿਚ ਦਰ 20 ਤੋਂ 110 ਫ਼ੀ ਸਦੀ ਤਕ ਹੁੰਦਾ ਸੀ। ਔਸਤ ਰਾਸ਼ਟਰੀ ਦਰ 30 ਫ਼ੀ ਸਦੀ ਸੀ। (ਏਜੰਸੀ)