ਮੋਦੀ ਵਲੋਂ ਹੜ੍ਹ-ਪ੍ਰਭਾਵਤ ਆਸਾਮ ਦਾ ਦੌਰਾ, 2350 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਦੇ ਹੜ੍ਹਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ। ਆਸਾਮ ਵਿਚ ਹੜ੍ਹਾਂ ਕਾਰਨ ਹੁਣ ਤਕ..

Narendra Modi

 

ਨਵੀਂ ਦਿੱਲੀ, 1 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਦੇ ਹੜ੍ਹਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ। ਆਸਾਮ ਵਿਚ ਹੜ੍ਹਾਂ ਕਾਰਨ ਹੁਣ ਤਕ 61 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 10 ਲੱਖ ਤੋਂ ਵੱਧ ਲੋਕ ਪ੍ਰਭਾਵਤ ਹਨ।
    ਪ੍ਰਧਾਨ ਮੰਤਰੀ ਨੇ ਪੂਰਬੀ ਰਾਜਾਂ ਦੇ ਮੁੱਖ ਮੰਤਰੀ ਨਾਲ ਗੁਹਾਟੀ ਵਿਚ ਸਮੀਖਿਆ ਬੈਠਕ ਵੀ ਕੀਤੀ। ਬੈਠਕ ਵਿਚ ਹੜ੍ਹ ਪ੍ਰਭਾਵਤ ਇਲਾਕਿਆਂ ਨੂੰ ਜ਼ਰੂਰੀ ਸਮਾਨ ਉਪਲਭਧ ਕਰਾਉਣ ਸਮੇਤ ਰਾਹਤ ਅਤੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਬਾਰੇ ਚਰਚਾ ਕੀਤੀ ਗਈ। ਬੈਠਕ ਤੋਂ ਬਾਅਦ ਆਸਾਮ ਦੇ ਵਿੱਤ ਮੰਤਰੀ ਹਿਮੰਤਤਬਿਸਵ ਸਰਮਾ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਲਈ 2350 ਕਰੋੜ ਰੁਪਏ ਦਾ ਪੈਕੇਜ ਜਾਰੀ ਕਰਨ ਦਾ ਵਾਅਦਾ ਕੀਤਾ ਹੈ। ਸਮੀਖਿਆ ਬੈਠਕ ਵਿਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵੀ ਮੌਜੂਦ ਸਨ। ਬੈਠਕ ਵਿਚ ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੇਵਾਲ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ, ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਸਮੇਤ ਨਾਗਾਲੈਂਡ ਦੇ ਮੁੱਖ ਮੰਤਰੀ ਵੀ ਸਨ। ਪ੍ਰਧਾਨ ਮੰਤਰੀ ਨੇ ਆਸਾਮ ਦੌਰੇ ਤੋਂ ਪਹਿਲਾਂ ਕਲ ਹੜ੍ਹਾਂ ਵਿਚ ਮਾਰੇ ਗਏ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਸੀ। ਆਸਾਮ ਅਤੇ ਰਾਜਸਥਾਨ ਵਿਚ ਹੜ੍ਹਾਂ ਵਿਚ ਮਰਨ ਵਾਲੇ ਲੋਕਾਂ ਦੇ ਘਰ ਵਾਲਿਆਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜ਼ਾ ਅਤੇ ਹੜ੍ਹਾਂ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਲੋਕਾਂ ਲਈ 50 50 ਹਜ਼ਾਰ ਰੁਪਏ ਦਿਤੇ ਜਾਣ ਦਾ ਐਲਾਨ ਕੀਤਾ ਗਿਆ ਸੀ।  (ਏਜੰਸੀ)