ਕਾਂਗਰਸੀ ਵਿਧਾਇਕਾਂ ਦੀ ਛੁਪਣਗਾਹ 'ਤੇ ਛਾਪਾ
ਬੰਗਲੌਰ, 2 ਅਗੱਸਤ : ਆਮਦਨ ਕਰ ਵਿਭਾਗ ਨੇ ਅੱਜ ਕਰ ਚੋਰੀ ਦੇ ਮਾਮਲੇ 'ਚ ਕਰਨਾਟਕ ਦੇ ਊਰਜਾ ਮੰਤਰੀ ਡੀ ਕੇ ਸ਼ਿਵਕੁਮਾਰ ਨਾਲ ਸਬੰਧਤ ਥਾਵਾਂ 'ਤੇ ਛਾਪੇ ਮਾਰੇ।
ਬੰਗਲੌਰ, 2 ਅਗੱਸਤ : ਆਮਦਨ ਕਰ ਵਿਭਾਗ ਨੇ ਅੱਜ ਕਰ ਚੋਰੀ ਦੇ ਮਾਮਲੇ 'ਚ ਕਰਨਾਟਕ ਦੇ ਊਰਜਾ ਮੰਤਰੀ ਡੀ ਕੇ ਸ਼ਿਵਕੁਮਾਰ ਨਾਲ ਸਬੰਧਤ ਥਾਵਾਂ 'ਤੇ ਛਾਪੇ ਮਾਰੇ। ਸ਼ਿਵਕੁਮਾਰ ਬੰਗਲੌਰ ਕੋਲ ਪੈਂਦੇ ਇਕ ਰਿਜ਼ਾਰਟ ਵਿਚ ਗੁਜਰਾਤ ਦੇ 44 ਵਿਧਾਇਕਾਂ ਨੂੰ ਠਹਿਰਾਉਣ ਦੇ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਹਨ। ਕਰ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਦੇ ਘਰ ਤੋਂ ਇਲਾਵਾ ਉਸ ਰਿਜ਼ਾਰਟ ਵਿਚ ਵੀ ਛਾਪਾ ਮਾਰਿਆ ਜਿਥੇ ਗੁਜਰਾਤ ਦੇ ਕਾਂਗਰਸੀ ਵਿਧਾਇਕਾਂ ਨੂੰ ਠਹਿਰਾਇਆ ਗਿਆ ਹੈ।
ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਤਰੀ ਨਾਲ ਸਬੰਧਤ ਵੱਖ ਵੱਖ ਸੰਪਤੀਆਂ 'ਤੇ ਮਾਰੇ ਗਏ ਛਾਪਿਆਂ ਦੌਰਾਨ 9 ਕਰੋੜ ਰੁਪਏ ਦੀ ਸੰਪਤੀ ਬਰਾਮਦ ਹੋਈ ਹੈ। ਆਮਦਨ ਵਿਭਾਗ ਦੀ ਟੀਮ ਮੰਤਰੀ ਨੂੰ ਰਿਜ਼ਾਰਟ ਤੋਂ ਬੰਗਲੌਰ ਵਾਲੇ ਉਸ ਦੇ ਘਰ ਲੈ ਗਈ ਸੀ। ਸਵੇਰ ਸਮੇਂ ਪਏ ਛਾਪੇ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਮੰਤਰੀ ਕੋਲੋਂ ਪੁੱਛ-ਪੜਤਾਲ ਕਰਨ ਲਈ ਇਗਲਟਨ ਰਿਜ਼ਾਰਟ ਪਹੁੰਚੇ। ਰਿਜ਼ਾਰਟ ਵਿਚ ਰੱਖੇ ਗਏ 44 ਵਿਧਾਇਕਾਂ ਦੀ ਠਾਹਰ, ਖਾਣ-ਪੀਣ ਤੇ ਹੋਰ ਪ੍ਰਬੰਧਾਂ ਨੂੰ ਵੇਖ ਰਿਹਾ ਮੰਤਰੀ ਛਾਪੇ ਸਮੇਂ ਰਿਜ਼ਾਰਟ ਵਿਚ ਹੀ ਮੌਜੂਦ ਸੀ। ਕਾਂਗਰਸ ਨੇ ਭਾਜਪਾ ਨੂੰ ਅਪਣੇ ਇਨ੍ਹਾਂ ਵਿਧਾਇਕਾਂ ਨੂੰ 'ਤੋੜਨ' ਤੋਂ ਰੋਕਣ ਲਈ ਇਨ੍ਹਾਂ ਨੂੰ ਕਰਨਾਟਕ ਦੇ ਇਸ ਰਿਜ਼ਾਰਟ ਵਿਚ ਰਖਿਆ ਹੈ। ਉਧਰ, ਅਧਿਕਾਰੀਆਂ ਨੇ ਕਿਹਾ ਕਿ ਰਿਜ਼ਾਰਟ 'ਤੇ ਛਾਪਾ ਨਹੀਂ ਮਾਰਿਆ ਗਿਆ। ਰਿਜ਼ਾਰਟ ਵਿਚ ਕੇਵਲ ਮੰਤਰੀ ਦੇ ਕਮਰੇ ਦੀ ਤਲਾਸ਼ੀ ਲਈ ਗਈ ਨਾਕਿ ਗੁਜਰਾਤ ਦੇ ਵਿਧਾਇਕਾਂ ਦੇ ਕਮਰੇ ਦੀ। ਇਸੇ ਦਰਮਿਆਨ ਗੁਜਰਾਤ 'ਚ ਰਾਜ ਸਭਾ ਦੀ ਚੋਣ ਲੜ ਰਹੇ ਕਾਂਗਰਸ ਆਗੂ ਅਹਿਮਦ ਪਟੇਲ ਨੇ ਕਿਹਾ ਕਿ ਕੇਂਦਰ ਸਰਕਾਰ ਵਿਧਾਇਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। (ਏਜੰਸੀ)