ਬਿਹਾਰ ਟਾਪਰ ਘਪਲਾ : ਈਡੀ ਵਲੋਂ ਮਾਸਟਰਮਾਈਂਡ ਬੱਚਾ ਰਾਏ ਦੀ 4.53 ਕਰੋੜ ਦੀ ਜਾਇਦਾਦ ਜ਼ਬਤ
ਬਿਹਾਰ ਟਾਪਰ ਘਪਲਾ ਮਾਮਲੇ ਵਿਚ ਈਡੀ ਯਾਨੀ ਪਰਿਵਰਤਨ ਨਿਦੇਸ਼ਾਲਿਆ ਨੂੰ ਵੱਡੀ ਕਾਮਯਾਬੀ ਮਿਲੀ ਹੈ। ਈਡੀ ਨੇ ਵੱਡੀ ਕਾਰਵਾਈ ਕਰਦੇ ਹੋਏ ਬਿਹਾਰ ਵਿਚ
ਪਟਨਾ : ਬਿਹਾਰ ਟਾਪਰ ਘਪਲਾ ਮਾਮਲੇ ਵਿਚ ਈਡੀ ਯਾਨੀ ਪਰਿਵਰਤਨ ਨਿਦੇਸ਼ਾਲਿਆ ਨੂੰ ਵੱਡੀ ਕਾਮਯਾਬੀ ਮਿਲੀ ਹੈ। ਈਡੀ ਨੇ ਵੱਡੀ ਕਾਰਵਾਈ ਕਰਦੇ ਹੋਏ ਬਿਹਾਰ ਵਿਚ ਚਰਚਿਤ ਇੰਟਰ ਟਾਪਰਜ਼ ਘਪਲੇ ਦੇ ਮਾਸਟਰ ਮਾਈਂਡ ਅਤੇ ਵੈਸ਼ਾਲੀ ਦੇ ਵਿਸ਼ੁਨਦੇਵ ਰਾਏ ਕਾਲਜ ਦੇ ਮੁਖੀ ਬੱਚਾ ਰਾਏ ਦੀ ਕਰੀਬ ਸਾਢੇ 4 ਕਰੋੜ ਦੀ ਸੰਪਤੀ ਜ਼ਬਤ ਕੀਤੀ ਹੈ।
ਬੱਚਾ ਰਾਏ 'ਤੇ ਸਕੂਲੀ ਬੱਚਿਆਂ ਨੂੰ ਟਾਪ ਕਰਵਾਉਣ ਦੇ ਨਾਂਅ 'ਤੇ ਪੈਸੇ ਲੈਣ ਦਾ ਦੋਸ਼ ਹੈ। ਦੋਸ਼ ਇਹ ਵੀ ਹੈ ਕਿ ਇਸੇ ਤੋਂ ਉਸ ਨੇ ਕਰੋੜਾਂ ਦੀ ਸੰਪਤੀ ਬਣਾਈ ਹੈ। ਦਸਿਆ ਜਾ ਰਿਹਾ ਹੈ ਕਿ ਬੱਚਾ ਰਾਏ ਨੇ ਅਪਣੀ ਪਤਨੀ ਅਤੇ ਬੱਚਿਆਂ ਦੇ ਨਾਂਅ 'ਤੇ ਵੀ ਜਾਇਦਾਦਾਂ ਖ਼ਰੀਦੀਆਂ ਹਨ। ਈਡੀ ਵਲੋਂ ਪੁਛਗਿਛ ਵਿਚ ਬੱਚਾ ਰਾਏ ਨੇ ਸੰਪਤੀ ਖ਼ਰੀਦਣ ਲਈ ਲਗਾਏ ਗਏ ਪੈਸਿਆਂ ਦਾ ਸਰੋਤ ਨਹੀਂ ਦਸਿਆ ਹੈ।
ਈਡੀ ਨੇ ਜਿਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ, ਉਨ੍ਹਾਂ ਵਿਚ ਹਾਜ਼ੀਪੁਰ, ਭਗਵਾਨਪੁਰ ਅਤੇ ਮਹੂਆ ਦੇ 29 ਪਲਾਟ ਸ਼ਾਮਲ ਹਨ। ਇੰਨਾ ਹੀ ਨਹੀਂ, ਹਾਜ਼ੀਪੁਰ ਵਿਚ ਸਥਿਤ ਉਸ ਦੇ ਦੋ ਮੰਜ਼ਿਲਾ ਮਕਾਨ ਨੂੰ ਵੀ ਅਟੈਚ ਕੀਤਾ ਗਿਆ ਹੈ। ਨਾਲ ਹੀ ਪਟਨਾ ਦਾ ਵੀ ਇਕ ਫਲੈਟ ਅਟੈਚ ਕੀਤਾ ਗਿਆ ਹੈ। ਈਡੀ ਨੇ ਬੱਚਾ ਰਾਏ ਦੇ ਕਰੀਬ 10 ਬੈਂਕ ਖ਼ਾਤਿਆਂ ਨੂੰ ਸੀਜ਼ ਕੀਤਾ ਹੈ ਅਤੇ ਉਸ ਦੇ ਟਰੱਸਟ ਦੀ ਜਾਂਚ ਅਜੇ ਜਾਰੀ ਹੈ। ਦਸ ਦਈਏ ਕਿ ਬੱਚਾ ਰਾਏ ਅਜੇ ਜੇਲ੍ਹ ਵਿਚ ਹੈ।
ਜ਼ਿਕਰਯੋਗ ਹੈ ਕਿ ਸਾਲ 2016 ਵਿਚ ਬਿਹਾਰ ਵਿਚ ਟਾਪਰ ਘਪਲਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਬੱਚਾ ਰਾਏ ਸਮੇਤ ਬਿਹਾਰ ਸੈਕੰਡਰੀ ਐਜੁਕੇਸ਼ਨ ਬੋਰਡ ਦੇ ਸਾਬਕਾ ਪ੍ਰਧਾਨ ਲਾਲਕੇਸ਼ਵਰ ਸਿੰਘ ਸਮੇਤ ਚਾਰ ਕਾਲਜਾਂ ਦੇ ਪ੍ਰਿੰਸੀਪਲਾਂ ਵਿਰੁਧ ਮੁਕੱਦਮਾ ਕਰ ਕੇ ਗ੍ਰਿਫ਼ਤਾਰੀਆਂ ਕੀਤੀਆਂ ਸਨ। ਬੱਚਾ ਰਾਏ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਸੀ। ਇਨ੍ਹਾਂ 'ਤੇ ਪੈਸੇ ਲੈ ਕੇ ਅਯੋਗ ਬੱਚਿਆਂ ਨੂੰ ਟਾਪ ਕਰਵਾਉਣ ਦਾ ਦੋਸ਼ ਹੈ।