ਐਲਪੀਜੀ ਸਲੰਡਰ ਦੀ ਕੀਮਤ ਹਰ ਮਹੀਨੇ ਵਧਾਉਣ ਵਿਰੁਧ ਰਾਜ ਸਭਾ 'ਚ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੈਸ ਸਲੰਡਰ ਹਰ ਮਹੀਨੇ ਚਾਰ ਰੁਪਏ ਮਹਿੰਗਾ ਕੀਤੇ ਜਾਣ ਦੇ ਫ਼ੈਸਲੇ ਦੇ ਵਿਰੋਧ 'ਚ ਅੱਜ ਰਾਜ ਸਭਾ ਵਿਚ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ ਜਿਸ ਕਾਰਨ ਰਾਜ ਸਭਾ ਦੀ..

Rajya Sabha

 

ਨਵੀਂ ਦਿੱਲੀ, 1 ਅਗੱਸਤ : ਗੈਸ ਸਲੰਡਰ ਹਰ ਮਹੀਨੇ ਚਾਰ ਰੁਪਏ ਮਹਿੰਗਾ ਕੀਤੇ ਜਾਣ ਦੇ ਫ਼ੈਸਲੇ ਦੇ ਵਿਰੋਧ 'ਚ ਅੱਜ ਰਾਜ ਸਭਾ ਵਿਚ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ ਤੋਂ ਪਹਿਲਾਂ ਕੁੱਝ ਸਮੇਂ ਲਈ ਰੋਕਣੀ ਪਈ।
ਵਿਰੋਧੀ ਧਿਰ ਨੇ ਮੰਗ ਕੀਤੀ ਕਿ ਹਰ ਮਹੀਨੇ 4 ਰੁਪਏ ਪ੍ਰਤੀ ਸਲੰਡਰ ਮਹਿੰਗਾ ਕੀਤੇ ਜਾਣ ਦਾ ਫ਼ੈਸਲਾ ਵਾਪਸ ਲਿਆ ਜਾਵੇ। ਕਾਂਗਰਸ, ਸਮਾਜਵਾਦੀ ਪਾਰਟੀ, ਟੀਐਮਸੀ, ਬੀਐਸਪੀ ਅਤੇ ਖੱਬੀ ਧਿਰ ਦੇ ਮੈਂਬਰਾਂ ਨੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਡਿਪਟੀ ਚੇਅਰਮੈਨ ਪੀ ਜੇ ਕੁਰੀਅਨ ਨੂੰ ਪਹਿਲਾਂ 10 ਮਿੰਟ ਤੇ ਫਿਰ ਦੁਪਹਿਰ ਤਕ ਕਾਰਵਾਈ ਰੋਕਣ ਲਈ ਮਜਬੂਰ ਕਰ ਦਿਤਾ। ਇਹ ਮਾਮਲਾ ਟੀਐਮਸੀ ਦੇ ਡੇਰੇਕ ਓ ਬਰਾਇਨ ਨੇ ਚੁਕਿਆ। ਬਰਾਇਨ ਨੇ ਕਿਹਾ ਕਿ ਜਦ ਉਹ ਵਾਅਦੇ ਕਰਦੇ ਹਨ, ਫਿਰ ਪੂਰੇ ਕਿਉਂ ਨਹੀਂ ਕਰਦੇ। ਸੀਤਾਰਾਮ ਯੇਚੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਲੋਕਾਂ ਨੇ ਖ਼ੁਦ ਸਬਸਿਡੀ ਛੱਡੀ ਸੀ ਤਾਕਿ ਸਸਤੀ ਗੈਸ ਗ਼ਰੀਬਾਂ ਤੇ ਲੋੜਵੰਦਾਂ ਨੂੰ ਦਿਤੀ ਜਾ ਸਕੇ ਪਰ ਸਰਕਾਰ ਨੇ ਹੁਣ ਹਰ ਮਹੀਨੇ ਗ਼ਰੀਬਾਂ ਕੋਲੋਂ ਇਕ ਸਲੰਡਰ ਪਿੱਛੇ ਚਾਰ ਰੁਪਏ ਵਸੂਲਣ ਦਾ ਫ਼ੈਸਲਾ ਕਰ ਲਿਆ ਹੈ। ਇਹ ਬਹੁਤ ਗ਼ਲਤ ਹੈ। ਸਰਕਾਰ ਇਹ ਫ਼ੈਸਲਾ ਵਾਪਸ ਲਵੇ।
ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਫ਼ੈਸਲਾ ਜੂਨ 2010 'ਚ ਹੋਇਆ ਸੀ ਜਦ ਯੂਪੀਏ ਸਰਕਾਰ ਸੀ। ਉਦੋਂ ਕਿਹਾ ਗਿਆ ਸੀ ਕਿ ਹਰ ਮਹੀਨੇ ਗੈਸ ਦੀ ਕੀਮਤ ਥੋੜੀ ਥੋੜੀ ਕਰ ਕੇ ਵਧਾਈ ਜਾਵੇ ਤਾਕਿ ਸਬਸਿਡੀ ਪੂਰੀ ਤਰ੍ਹਾਂ ਖ਼ਤਮ ਕੀਤੀ ਜਾ ਸਕੇ। ਦੁਪਹਿਰ ਤੋਂ ਬਾਅਦ ਰਾਜ ਸਭਾ ਵਿਚ ਨੋਟਬੰਦੀ ਕਾਰਨ ਕਾਫ਼ੀ ਰੌਲਾ ਪਿਆ। ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਬਾਬਤ ਸੰਸਦ ਵਿਚ ਬਿਆਨ ਦੇਣਾ ਚਾਹੀਦਾ ਹੈ। ਉਹ ਸੰਸਦ ਦੇ ਬਾਹਰ ਤਾਂ ਬੋਲਦੇ ਹਨ ਪਰ ਅੰਦਰ ਕਿਉਂ ਚੁੱਪ ਹਨ? ਰੌਲੇ ਰੱਪੇ ਕਾਰਨ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ।  (ਏਜੰਸੀ)