ਮੁੰਬਈ 'ਚ ਸਿੱਖ ਨੌਜਵਾਨ ਨੇ ਇੰਟਰਨੈਟ ਗੇਮ ਖੇਡਣ ਮਗਰੋਂ ਕੀਤੀ ਖ਼ੁਦਕੁਸ਼ੀ
ਅੰਧੇਰੀ ਈਸਟ ਇਲਾਕੇ 'ਚ 14 ਸਾਲਾ ਸਿੱਖ ਨੌਜਵਾਨ ਨੇ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਸੋਮਵਾਰ ਨੂੰ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਦਸਿਆ ਕਿ..
ਮੁੰਬਈ, 2 ਅਗੱਸਤ: ਅੰਧੇਰੀ ਈਸਟ ਇਲਾਕੇ 'ਚ 14 ਸਾਲਾ ਸਿੱਖ ਨੌਜਵਾਨ ਨੇ ਉੱਚੀ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਸੋਮਵਾਰ ਨੂੰ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਦਸਿਆ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਉਹ ਇੰਟਰਨੈੱਟ ਗੇਮ 'ਦ ਬਲੂ ਵੇਲ੍ਹ ਚੈਲੰਜ' ਖੇਡ ਰਿਹਾ ਸੀ। ਮੌਤ ਤੋਂ ਪਹਿਲਾਂ ਉਸ ਨੇ ਛੱਤ 'ਤੇ ਚੜ੍ਹ ਕੇ ਸਮਾਰਟਫ਼ੋਨ ਨਾਲ ਕੁੱਝ ਫ਼ੋਟੋਆਂ ਖਿੱਚੀਆਂ ਤੇ ਦੋਸਤਾਂ ਨੂੰ ਭੇਜੀਆਂ ਸਨ। ਰੂਸ 'ਚ ਮਸ਼ਹੂਰ 'ਵਲੂ ਵੇਲ੍ਹ ਚੈਲੰਜ' ਗੇਮ ਖੇਡਦਿਆਂ ਹੁਣ ਤਕ 130 ਲੋਕ ਅਪਣੀ ਜਾਨ ਗਵਾ ਚੁੱਕੇ ਹਨ। ਹੱਥ 'ਤੇ ਬਲੇਡ ਨਾਲ ਕੱਟ ਲਗਾਉਣ ਤੋਂ ਲੈ ਕੇ, ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਰਗੀਆਂ 50 ਚੁਨੌਤੀਆਂ ਇਸ ਗੇਮ 'ਚ ਹੁੰਦੀਆਂ ਹਨ। ਦਾਅਵੇ ਮੁਤਾਬਕ ਭਾਰਤ 'ਚ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਵਿਦਿਆਰਥੀ ਮਨਪ੍ਰੀਤ (ਨਾਮ ਬਦਲਿਆ ਹੋਇਆ) ਨੇ ਸਨਿਚਰਵਾਰ ਨੂੰ ਮੁੰਬਈ ਦੀ ਇਮਾਰਤ ਦੀ ਸਤਵੀਂ ਮੰਜ਼ਲ ਤੋਂ ਛਾਲ ਮਾਰੀ ਸੀ। ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਮਨਪ੍ਰੀਤ 'ਬਲੂ ਵੇਲ੍ਹ ਚੈਲੰਜ' ਗੇਮ ਖੇਡ ਰਿਹਾ ਸੀ। ਖ਼ੁਦਕੁਸ਼ੀ ਤੋਂ ਪਹਿਲਾਂ ਦੋਸਤਾਂ ਨੂੰ ਮੈਸੇਜ ਕੀਤਾ ਕਿ ਉਹ ਸੋਮਵਾਰ ਨੂੰ ਸਕੂਲ ਨਹੀਂ ਆਵੇਗਾ। ਮੁੰਬਈ ਪੁਲਿਸ ਨੂੰ ਜਾਂਚ ਦੌਰਾਨ ਮਨਪ੍ਰੀਤ ਦੇ ਫ਼ੋਨ 'ਚ ਖ਼ੁਦਕੁਸ਼ੀ ਨਾਲ ਜੁੜੀਆਂ ਕੁੱਝ ਫ਼ੋਟੋਆਂ ਮਿਲੀਆਂ ਹਨ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਗੂਗਲ 'ਤੇ ਖ਼ੁਦਕੁਸ਼ੀ ਕਰਨ ਦੇ ਕੁੱਝ ਤਰੀਕੇ ਲੱਭੇ ਸਨ। ਫ਼ਿਲਹਾਲ ਪੁਲਿਸ ਜ਼ਿਆਦਾ ਨਹੀਂ ਬੋਲ ਰਹੀ।
ਪਰਵਾਰਕ ਜੀਆਂ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਉਹ ਅਪਣੇ ਦੋਸਤਾਂ ਨੂੰ ਦੱਸ ਰਿਹਾ ਸੀ ਕਿ ਉਹ ਜਲਦੀ ਹੀ ਰੂਸ ਜਾ ਰਿਹਾ ਹੈ ਜਿਥੇ ਉਸ ਦਾ ਇਕ ਗੁਪਤ ਗਰੁਪ ਉਸ ਨਾਲ ਗੇਮ ਖੇਡ ਰਿਹਾ ਹੈ। ਸਾਹਮਣੇ ਵਾਲੇ ਘਰ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਖ਼ੁਦਕੁਸ਼ੀ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਨਹੀਂ ਰੁਕਿਆ।
ਰੂਸ 'ਚ ਬਣੀ ਹੈ ਇਹ ਜਾਨਲੇਵਾ ਗੇਮ 'ਦ ਬਲੂ ਵੇਲ੍ਹ ਗੇਮ' ਜਾਂ 'ਵਲੂ ਵੇਲ੍ਹ ਚੈਲੰਜ' ਰੂਸ 'ਚ ਬਣੀ ਇਕ ਇੰਟਰਨੈੱਟ ਗੇਮ ਹੈ। ਇਸ 'ਚ ਖਿਡਾਰੀ ਨੂੰ 50 ਦਿਨ ਤਕ ਕੁੱਝ ਖ਼ਾਸ ਚੁਨੌਤੀਆਂ ਦੱਸੀਆਂ ਜਾਂਦੀਆਂ ਹਨ। ਇਕ-ਇਕ ਕਰ ਕੇ ਸਾਰੀਆਂ ਚੁਨੌਤੀਆਂ ਪੂਰੀਆਂ ਕਰਦੇ ਰਹਿਣ 'ਤੇ ਅਖ਼ੀਰ 'ਚ ਖ਼ੁਦਕੁਸ਼ੀ ਕਰਨ ਲਈ ਉਕਸਾਇਆ ਜਾਂਦਾ ਹੈ। ਹਰ ਚੁਨੌਤੀ ਪੂਰੀ ਹੋਣ 'ਤੇ ਖਿਡਾਰੀ ਨੂੰ ਅਪਣੇ ਹੱਥ 'ਤੇ ਇਕ ਕੱਟ ਲਗਾਉਣ ਲਈ ਕਿਹਾ ਜਾਂਦਾ ਹੈ। ਅਖ਼ੀਰ 'ਚ ਵੇਲ੍ਹ ਮੱਛੀ ਵਰਗੀ ਇਮੇਜ ਉਭਰਦੀ ਹੈ। ਇਸ ਨੂੰ ਪੂਰਾ ਕਰਨ ਤੋਂ ਬਾਅਦ ਖਿਡਾਰੀ ਨੂੰ ਅਪਣੀ ਇਕ ਫ਼ੋਟੋ ਖਿੱਚ ਕੇ ਗੇਮ ਐਡਮਿਨ ਨੂੰ ਭੇਜਣੀ ਪੈਂਦੀ ਹੈ। ਇਕ ਚੁਨੌਤੀ ਪੂਰੀ ਕਰਨ ਤੋਂ ਬਾਅਦ ਦੂਜੀ ਚੁਨੌਤੀ ਦਿਤੀ ਜਾਂਦੀ ਹੈ। ਰੂਸ ਦੇ ਫਿਲਿਪ ਬੁਡੇਕਿਨ ਨੇ 2013 'ਚ ਇਹ ਗੇਮ ਬਣਾਈ ਸੀ। ਇਹ ਗੇਮ 130 ਲੋਕਾਂ ਦੀ ਜਾਨ ਲੈ ਚੁੱਕੀ ਹੈ। 2015 'ਚ ਪਹਿਲਾ ਕੇਸ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਫ਼ਿਲਿਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਵਿਰੁਧ ਕੇਸ ਚਲਾਇਆ ਗਿਆ। ਸੁਣਵਾਈ ਦੌਰਾਨ ਗੇਮ ਨਿਰਮਾਤਾ ਨੇ ਕਿਹਾ ਕਿ ਗੇਮ ਦਾ ਮਕਸਦ ਸਮਾਜ ਦੀ ਸਫ਼ਾਈ ਕਰਨਾ ਹੈ। ਫ਼ਿਲਿਪ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੇ ਸੱਭ ਲੋਕ 'ਬਾਇਓ ਵੇਸਟ' ਸਨ। (ਏਜੰਸੀ)