ਯੂ.ਪੀ. : ਅੰਬੇਦਕਰ ਦੀਆਂ ਦੋ ਮੂਰਤੀਆਂ ਦੀ ਤੋੜਭੰਨ, ਲੋਕ ਭੜਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੂਰਤੀਆਂ ਦੀ ਸੁਰੱਖਿਆ ਯਕੀਨੀ ਕਰਨ ਦਾ ਹੁਕਮ ਦਿਤਾ

Ambedkar

ਉੱਤਰ ਪ੍ਰਦੇਸ਼ 'ਚ ਅੱਜ ਦੋ ਥਾਵਾਂ 'ਤੇ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਦੀਆਂ ਮੂਰਤੀਆਂ ਦੀ ਤੋੜਭੰਨ ਕੀਤੀ ਗਈ, ਜਿਸ ਨੂੰ ਲੈ ਕੇ ਲੋਕ ਭੜਕੇ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ 'ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਸਾਰੇ ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੂੰ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਦੀ ਸੁਰੱਖਿਆ ਯਕੀਨੀ ਕਰਨ ਦੇ ਸਖ਼ਤ ਹੁਕਮ ਦਿਤੇ ਹਨ।ਪਹਿਲੀ ਘਟਨਾ ਸਿਦਾਰਥਨਗਰ ਜ਼ਿਲ੍ਹੇ ਦੇ ਡੁਮਰੀਆਗੰਜ 'ਚ ਡਾ. ਭੀਮਰਾਉ ਅੰਬੇਦਕਰ ਦੀ ਮੂਰਤੀ ਨਾਲ ਕਥਿਤ ਤੌਰ 'ਤੇ ਤੋੜਭੰਨ ਕੀਤੀ ਗਈ। ਪੁਲਿਸ ਸੂਤਰਾਂ ਨੇ ਅੱਜ ਦਸਿਆ ਕਿ ਡੁਮਰੀਆਗੰਜ ਥਾਣਾ ਖੇਤਰ ਦੇ ਗੌਹਨਿਆ ਪਿੰਡ 'ਚ ਸ਼ਰਾਰਤੀ ਲੋਕਾਂ ਨੇ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਸਵੇਰੇ ਘਟਨਾ ਦਾ ਪਤਾ ਲੱਗਣ ਮਗਰੋਂ ਸਥਾਨਕ ਲੋਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠ ਗਏ।

ਡੁਮਰੀਆਗੰਜ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਰਾਘਵੇਂਦਰ ਪ੍ਰਤਾਪ ਸਿੰਘ ਵੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਇਸ ਘਟਨਾ ਨੂੰ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਜ਼ਸ਼ ਦਸਿਆ। ਪੁਲਿਸ ਸੂਪਰਡੈਂਟ ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਨੁਕਸਾਨੀ ਮੂਰਤੀ ਨੂੰ ਤੁਰਤ ਬਦਲਿਆ ਜਾ ਰਿਹਾ ਹੈ। ਦੂਜੀ ਘਟਨਾ ਇਲਾਹਾਬਾਦ ਜ਼ਿਲ੍ਹੇ ਦੇ ਗੰਗਾ ਪਾਰ ਝੂੰਸੀ ਖੇਤਰ 'ਚ ਵਾਪਰੀ ਜਿਥੇ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਤ੍ਰਿਵੇਣੀਪੁਰਮ ਕਾਲੋਨੀ 'ਚ ਲੱਗੀ ਅੰਬੇਦਕਰ ਦੀ ਮੂਰਤੀ ਨੂੰ ਤੋੜ ਦਿਤਾ। ਸਵੇਰੇ ਟੁੱਟੀ ਮੂਰਤੀ ਵੇਖ ਕੇ ਇਲਾਕੇ 'ਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ। ਫੂਲਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨਾਗੇਂਦਰ ਸਿੰਘ ਪਟੇਲ ਤੁਰਤ ਸੈਂਕੜੇ ਲੋਕਾਂ ਨਾਲ ਘਟਨਾ ਵਾਲੀ ਥਾਂ 'ਤੇ ਪੁੱਜ ਗਏ ਅਤੇ ਪ੍ਰਸ਼ਾਸਨ ਨੂੰ ਨਵੀਂ ਮੂਰਤੀ ਲਾਉਣ ਅਤੇ ਦੋਸ਼ੀਆਂ ਨੂੰ  ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।  (ਪੀਟੀਆਈ)