ਅਸੀਂ ਪ੍ਰੋਫ਼ੈਸ਼ਨਲ ਕਾਂਗਰਸ ਬਣਾਉਣ ਜਾ ਰਹੇ ਹਾਂ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸਿਰਫ਼ ਅਪਣੇ ਮਨ ਦੀ ਗੱਲ ਕਰਦੇ ਹਨ।

Rahul Gandhi

ਨਵੀਂ ਦਿੱਲੀ, 2 ਅਗੱਸਤ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸਿਰਫ਼ ਅਪਣੇ ਮਨ ਦੀ ਗੱਲ ਕਰਦੇ ਹਨ। ਦੇਸ਼ ਦੇ ਲੋਕਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਕਾਂਗਰਸ ਚਾਹੁੰਦੀ ਹੈ ਕਿ ਅਜਿਹੇ  ਲੋਕਾਂ ਦੀ ਆਵਾਜ਼ ਵੀ ਦੇਸ਼ ਦੀ ਰਾਜਨੀਤੀ ਵਿਚ ਸੁਣੀ ਜਾਵੇ ਅਤੇ ਇਸ ਲਈ ਕਾਂਗਰਸ ਇਕ ਮੰਚ ਮੁਹਈਆ ਕਰਵਾਉਣ ਜਾ ਰਹੀ ਹੈ।
ਰਾਹੁਲ ਨੇ ਕਿਹਾ ਕਿ ਗ਼ੈਰ-ਜਥੇਬੰਦ ਸੈਕਟਰ ਦੇ ਲੋਕਾਂ ਦੀ ਆਵਾਜ਼ ਨੂੰ ੰਦੇਸ਼ ਸਾਹਮਣੇ ਲਿਆਉਣ ਲਈ ਕਾਂਗਰਸ ਨਵੇਂ ਵਿੰਗ 'ਤੇ ਕੰਮ ਕਰ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਇਕ ਪੇਸ਼ੇਵਰ ਕਾਂਗਰਸ ਬਣਾਉਣ ਦੀ ਤਿਆਰੀ ਕਰ ਰਹੇ ਹਨ ਜਿਸ ਜ਼ਰੀਏ ਗ਼ੈਰ-ਜਥੇਬੰਦ ਸੈਕਟਰ ਦੇ ਵਰਕਰਾਂ ਦੀ ਆਵਾਜ਼ ਨੂੰ ਰਾਜਨੀਤੀ ਵਿਚ ਲਿਆਉਣ ਦੀ ਕੋਸ਼ਿਸ਼ ਹੋਵੇਗੀ। ਪ੍ਰੋਫ਼ੈਸ਼ਨਲ ਕਾਂਗਰਸ ਦੀ ਕਮਾਨ ਪਾਰਟੀ ਦੇ ਚਾਰ ਸੀਨੀਅਰ ਆਗੂਆਂ ਦੇ ਹੱਥ ਵਿਚ ਹੋਵੇਗੀ ਜਿਨ੍ਹਾਂ ਵਿਚ ਸ਼ਸ਼ੀ ਥਰੂਰ, ਮਿਲਿੰਦ ਦਿਉੜਾ ਵੀ ਸ਼ਾਮਲ ਹੋਣਗੇ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਕਿਸੇ ਤਰੀਕੇ ਦੀ ਗੱਲਬਾਤ ਨਾ ਹੋਵੇ, ਜੋ ਮੋਦੀ ਅਤੇ ਆਰਐਸਐਸ ਵਿਚਕਾਰ ਗੱਲਬਾਤ ਹੋਵੇ, ਉਸੇ ਨਾਲ ਦੇਸ਼ ਚੱਲੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿਚ ਇਹੋ ਫ਼ਰਕ ਹੈ। ਕਾਂਗਰਸ ਸਾਰਿਆਂ ਦੀ ਆਵਾਜ਼ ਰਾਜਨੀਤੀ ਵਿਚ ਲਿਆਉਣਾ ਚਾਹੁੰਦੀ ਹੈ ਪਰ ਦੂਜੀਆਂ ਪਾਰਟੀਆਂ ਅਜਿਹਾ ਨਹੀਂ ਕਰਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪਨਾਮਾ ਪੇਪਰਾਂ ਵਿਚ ਮੁੱਖ ਮੰਤਰੀ ਰਮਨ ਸਿੰਘ ਦੇ ਬੇਟੇ ਦਾ ਵੀ ਨਾਮ ਹੈ ਪਰ ਫਿਰ ਉਹ ਅਸਤੀਫ਼ਾ ਨਹੀਂ ਦੇ ਰਹੇ। (ਏਜੰਸੀ)