ਕੇਰਲ ਦੇ ਸਾਬਕਾ ਸਾਂਸਦ ਦਾ ਬਿਆਨ: ਰਾਹੁਲ ਗਾਂਧੀ ‘ਅਣਵਿਆਹੇ’, ਇਸ ਲਈ ਜਾਂਦੇ ਹਨ ਕੁੜੀਆਂ ਦੇ ਕਾਲਜ
ਕੁੜੀਆਂ ਨੂੰ ‘ਸਾਵਧਾਨ’ ਕਰਦਿਆਂ ਕਿਹਾ, ਉਹ ਰਾਹੁਲ ਗਾਂਧੀ ਅੱਗੇ ਕਦੇ ਨਾ ਝੁਕਣ
ਕੇਰਲ : ਕੇਰਲ ਦੇ ਸਾਬਕਾ ਸਾਂਸਦ ਜਾਇਸ ਜਾਰਜ ਨੇ ਪਿਛਲੇ ਹਫ਼ਤੇ ਕੋਚੀ ਸਥਿਤ ਇਕ ਮਹਿਲਾ ਕਾਲੇਜ ’ਚ ਵਿਦਿਆਰਥਣਾਂ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਸੰਵਾਦ ਦੇ ਮਾਮਲੇ ’ਚ ਕਾਂਗਰਸ ਆਗੂ ਵਿਰੁਧ ਕਥਿਤ ਤੌਰ ’ਤੇ ਅਪਮਾਨਜਨਕ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਹੈ। ਸਾਬਕਾ ਸਾਂਸਦ ਜਾਰਜ ਨੇ ਸੋਮਵਾਰ ਨੂੰ ਇਥੇ ਦੇ ਇਰਤਾਇਰ ’ਚ ਚੋਣ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਵਿਰੁਧ ਕਥਿਤ ਰੂਪ ਨਾਲ ਬੇਹੱਦ ਅਪਮਾਨਜਨਕ ਟਿਪਣੀ ਕੀਤੀ।
ਬਿਆਨ ਤੋਂ ਬਚਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜੇਇਨ ਨੇ ਕਿਹਾ ਕਿ ਖੱਬਾ ਲੋਕਤੰਤਰਿਕ ਮੋਰਚਾ (ਐਲਡੀਐਫ਼) ਰਾਹੁਲ ਗਾਂਧੀ ’ਤੇ ਕੀਤੀ ਗਈ ਵਿਅਕਤੀਗਤ ਟਿਪਣੀ ਦੇ ਨਾਲ ਨਹੀਂ ਹੈ। ਉਨ੍ਹਾਂ ਕਾਸਰੋਗਡ ’ਚ ਕਿਹਾ, ਅਸੀਂ ਉਨ੍ਹਾਂ ਦਾ ਰਾਜਨੀਤਕ ਰੂਪ ਨਾਲ ਵਿਰੋਧ ਕਰਾਂਗੇ, ਨਿਜੀ ਤੌਰ ’ਤੇ ਨਹੀਂ।’’ਜਾਰਜ ਨੇ ਕਾਂਗਰਸ ਦੀ ਸੰਯੁਕਤ ਲੋਕਤੰਤਰਿਕ ਮੋਰਚਾ (ਯੁਡੀਐਫ਼) ’ਤੇ ਖ਼ਾਸਤੌਰ ’ਤੇ ਰਾਹੁਲ ਗਾਂਧੀ ’ਤੇ ਹਮਲਾ ਕਰਦੇ ਹੋਏ ਕਿਹਾ, ‘‘ਰਾਹੁਲ ਗਾਂਧੀ ਸਿਰਫ਼ ਮਹਿਲਾ ਕਾਲਜਾਂ ਦਾ ਹੀ ਦੌਰਾ ਕਰਨਗੇ ਅਤੇ ਸਾਬਕਾ ਕਾਂਗਰਸ ਪ੍ਰਧਾਨ ਦਾ ਸਾਹਮਣਾ ਕਰਨ ਦੌਰਾਨ ਲੜਕੀਆਂ ਨੂੰ ‘ਸਾਵਧਾਨ’ ਰਹਿਣਾ ਚਾਹੀਦਾ ਹੈ।’’
ਉਨ੍ਹਾਂ ਦੋਸ਼ ਲਗਾਇਆ, ‘‘ਲੜਕੀਆਂ ਉਨ੍ਹਾਂ ਸਾਹਮਣੇ ਕਦੇ ਨਾ ਝੁਕਣ...ਉਹ ਅਣਵਿਆਹੇ ਹਨ ਜਿਸ ਕਾਰਨ ਉਹ ਸਮਸਿਆ ਪੈਦਾ ਕਰ ਸਕਦੇ ਹਨ।’’ ਕੋਚੀ ਸਥਿਤ ਸੇਂਟ ਟੇਰੇਸਾ ਕਾਲੇਜ ’ਚ ਇਕ ਵਿਦਿਆਰਥਣ ਦੀ ਬੇਨਤੀ ’ਤੇ ਗਾਂਧੀ ਨੇ ਅਕਿਡੋ ਸਿਖਾਇਆ ਸੀ। ਸਾਬਕਾ ਸਾਂਸਦ ਦੀ ਇਹ ਟਿੱਪਣੀ ਉਸ ਦੇ ਬਾਅਦ ਹੀ ਆਈ ਹੈ। ਇਸ ਦੇ ਵਿਰੋਧ ਵਿਚ ਕਾਂਗਰਸ ਆਗੂਆਂ ਨੇ ਜਾਇਸ ਜਾਰਜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਕੇਰਲਾ ਦੇ ਵਿਰੋਧੀ ਧਿਰ ਦੇ ਨੇਤਾ ਰਮਸ਼ ਚੇਨੀਥਲਾ ਨੇ ਜਾਰਜ ਦੀ ਟਿੱਪਣੀ ਨੂੰ ਔਰਤਾਂ ਅਤੇ ਰਾਹੁਲ ਗਾਂਧੀ ਵਿਰੁਧ ਦਸਿਆ ਹੈ। ਉਨ੍ਹਾਂ ਕਿਹਾ, ‘ਉਸ (ਜਾਰਜ) ਵਿਰੁਧ ਕੇਸ ਦਰਜ ਹੋਣਾ ਚਾਹੀਦਾ ਹੈ। ਉਸ ਨੇ ਔਰਤਾਂ ਅਤੇ ਰਾਹੁਲ ਗਾਂਧੀ ਦਾ ਅਪਮਾਨ ਵੀ ਕੀਤਾ ਹੈ।’’
ਵੱਡੇ ਪੈਮਾਨੇ ’ਤੇ ਹੋਈ ਆਲੋਚਨਾ ਦੇ ਬਾਅਦ ਜਾਇਸ ਜਾਰਜ ਨੇ ਰਾਹੁਲ ਗਾਂਧੀ ਵਿਰੁਧ ਕੀਤੀ ਟਿਪਣੀ ਵਾਪਸ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਜਿਨਸੀ ਟਿੱਪਣੀ ਕਰਨ ਦੇ ਮਾਮਲੇ ’ਚ ਸਾਰੇ ਪਾਸਿਉਂ ਹੋ ਰਹੀਆਂ ਆਲੋਚਨਾਵਾਂ ’ਚ ਘਿਰੇ ਸਾਬਕਾ ਸਾਂਸਦ ਜਾਇਸ ਜਾਰਜ ਨੇ ਮੰਗਲਵਾਰ ਨੂੰ ਅਪਣੀ ਟਿੱਪਣੀ ਵਾਪਸ ਲੈ ਲਈ ਅਤੇ ਜਨਤਕ ਤੌਰ ’ਤੇ ਇਸ ਲਈ ਅਫ਼ਸੋਸ ਪ੍ਰਗਟਾਇਆ। ਹਾਲਾਂਕਿ, ਕਾਂਗਰਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ ਜਦਕਿ ਸੱਤਾਧਾਰੀ ਮਾਕਪਾ ਨੇ ਵੀ ਇਸ ਪੂਰੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ। ਜਾਰਜ ਨੇ ਕਿਹਾ, ‘‘ਮੈਂ ਬਿਨਾਂ ਸ਼ਰਤ ਉਸ ਟਿੱਪਣੀ ਨੂੰ ਵਾਪਸ ਲੈਂਦਾ ਹਾਂ ਜੋ ਮੈਂ ਸੋਮਵਾਰ ਨੂੰ ਇਰਾਤਯਾਰ ’ਚ ਚੋਣਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤੀ ਸੀ।’’ ਜ਼ਿਲ੍ਹੇ ’ਚ ਕੁਮਾਲੇ ਵਿਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ, ‘‘ਮੈਂ ਇਸ ਲਈ ਅਫ਼ਸੋਸ ਵੀ ਪ੍ਰਗਟ ਕਰਦਾ ਹਾਂ।’’