ਲੇਡੀ ਡਾਕਟਰ ਖੁਦਕੁਸ਼ੀ ਮਾਮਲਾ: ਰਾਜਸਥਾਨ ਤੋਂ ਝਾਰਖੰਡ ਤੱਕ ਪ੍ਰਦਰਸ਼ਨ, ਹਿਰਾਸਤ 'ਚ ਭਾਜਪਾ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਕਟਰਾਂ ਨੇ ਜਾਂਚ ਦੀ ਕੀਤੀ ਮੰਗ

Lady Doctor suicide case

 

ਜੈਪੁਰ : ਰਾਜਸਥਾਨ ਦੇ ਦੌਸਾ ਵਿੱਚ ਲੇਡੀ ਡਾਕਟਰ ਅਰਚਨਾ ਸ਼ਰਮਾ ਦੀ ਖੁਦਕੁਸ਼ੀ ਦਾ ਮਾਮਲਾ ਵਧਦਾ ਜਾ ਰਿਹਾ ਹੈ। ਪੁਲਿਸ ਨੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਜਤਿੰਦਰ ਗੋਠਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗੋਠਵਾਲ ਤੇ ਹੀ ਦੋਸ਼ ਹੈ ਕਿ ਉਸਨੇ ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਡਾਕਟਰ ਅਰਚਨਾ ਸ਼ਰਮਾ ਦਾ ਵਿਰੋਧ ਕੀਤਾ, ਜਿਸ ਕਾਰਨ ਅਰਚਨਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ।

ਇਸ ਮਾਮਲੇ ਨੂੰ ਲੈ ਕੇ ਰਾਜਸਥਾਨ ਤੋਂ ਲੈ ਕੇ ਝਾਰਖੰਡ ਤੱਕ ਹੰਗਾਮਾ ਮਚਿਆ ਹੋਇਆ ਹੈ। ਅਰਚਨਾ ਸ਼ਰਮਾ ਰਾਂਚੀ ਦੀ ਰਹਿਣ ਵਾਲੀ ਸੀ। ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਏਐਚਪੀਆਈ ਯਾਨੀ ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਦਾ ਦੋਸ਼ ਹੈ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਹੈ। ਸਾਰਿਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

 ਕੀ ਹੈ ਪੂਰਾ ਮਾਮਲਾ
ਰਾਂਚੀ ਵਿੱਚ ਰਹਿਣ ਵਾਲੀ ਗਾਇਨੀਕੋਲੋਜਿਸਟ ਡਾਕਟਰ ਅਰਚਨਾ ਸ਼ਰਮਾ ਰਾਜਸਥਾਨ ਦੇ ਦੌਸਾ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਚਲਾਉਂਦੀ ਸੀ। 28 ਮਾਰਚ ਨੂੰ ਇੱਕ ਗਰਭਵਤੀ ਔਰਤ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਅਰਚਨਾ ਸ਼ਰਮਾ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਉਦੋਂ ਤੋਂ ਉਹ ਡਿਪਰੈਸ਼ਨ 'ਚ ਸੀ ਅਤੇ ਖੁਦਕੁਸ਼ੀ ਕਰ ਲਈ।

ਡਾਕਟਰ ਦੀ ਖੁਦਕੁਸ਼ੀ ਤੋਂ ਬਾਅਦ ਪੂਰੇ ਰਾਜਸਥਾਨ ਦੇ ਡਾਕਟਰਾਂ 'ਚ ਗੁੱਸਾ ਹੈ। ਇਸ ਦੇ ਨਾਲ ਹੀ ਰਾਂਚੀ ਅਤੇ ਝਾਰਖੰਡ ਦੇ ਡਾਕਟਰ ਵੀ ਕਾਫੀ ਨਾਰਾਜ਼ ਹਨ। ਆਈਐਮਏ, ਏਐਚਪੀਆਈ, ਰਿਮਸ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਡਾਕਟਰਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਬੰਦ ਕੀਤਾ ਜਾਵੇ।