ਭਾਰਤ ਵਿਚ ਪੱਤਰਕਾਰੀ ਤਾਂ ਮਹਾਭਾਰਤ ਵੇਲੇ ਹੀ ਸ਼ੁਰੂ ਹੋ ਗਈ ਸੀ : ਉਪ ਮੁੱਖ ਮੰਤਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੱਤਰਕਾਰੀ ਦੀ ਸ਼ੁਰੂਆਤ ਮਹਾਭਾਰਤ ਵੇਲੇ ਹੀ ਹੋ ਗਈ ਸੀ ਅਤੇ ਪੁਰਾਤਨ ਪਾਤਰਾਂ ਸੰਜੇ ਅਤੇ ਨਾਰਦ...

Vice CM of U.P Dinesh Sharma

ਲਖਨਊ,ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੱਤਰਕਾਰੀ ਦੀ ਸ਼ੁਰੂਆਤ ਮਹਾਭਾਰਤ ਵੇਲੇ ਹੀ ਹੋ ਗਈ ਸੀ ਅਤੇ ਪੁਰਾਤਨ ਪਾਤਰਾਂ ਸੰਜੇ ਅਤੇ ਨਾਰਦ ਨੂੰ ਇਸ ਵੇਲੇ ਸਿੱਧੇ ਪ੍ਰਸਾਰਣ ਅਤੇ ਗੂਗਲ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। 'ਹਿੰਦੀ ਪੱਤਰਕਾਰੀ ਦਿਵਸ' ਮੌਕੇ ਕਲ ਹੋਏ ਸਮਾਗਮ ਵਿਚ ਸ਼ਰਮਾ ਨੇ 1826 ਵਿਚ ਪੱਤਰਕਾਰੀ ਸ਼ੁਰੂ ਹੋਣ ਦੇ ਦਾਅਵਿਆਂ ਸਮੇਤ ਹੋਰ ਤੱਥਾਂ ਨੂੰ ਇਕ ਪਾਸੇ ਰਖਦਿਆਂ ਦਾਅਵਾ ਕੀਤਾ ਕਿ ਭਾਰਤ ਵਿਚ ਤਾਂ ਪੱਤਰਕਾਰੀ ਸਦੀਆਂ ਪਹਿਲਾਂ ਮਹਾਭਾਰਤ ਦੇ ਕਾਲ ਵਿਚ ਹੀ ਸ਼ੁਰੂ ਹੋ ਗਈ ਸੀ।

ਉਨ੍ਹਾਂ ਦਾਅਵਾ ਕੀਤਾ,'ਏਨਾ ਹੀ ਨਹੀਂ, ਮੋਤੀਆਬਿੰਦ ਦਾ ਆਪ੍ਰੇਸ਼ਨ, ਪਲਾਸਟਿਕ ਸਰਜਰੀ, ਗਰੂਤਾ ਆਕਰਸ਼ਨ ਸਿਧਾਂਤ, ਪਰਮਾਣੂ ਪਰਖ ਅਤੇ ਇੰਟਰਨੈਟ ਜਿਹੀਆਂ ਤਮਾਮ ਆਧੁਨਿਕ ਪ੍ਰਕ੍ਰਿਆਵਾਂ ਪੁਰਾਤਨ ਕਾਲ ਵਿਚ ਸ਼ੁਰੂ ਹੋਈਆਂ ਸਨ। ਮਹਾਭਾਰਤ ਕਾਲ ਵਿਚ ਯੁੱਧ ਦੌਰਾਨ ਸੰਜੇ ਦੁਆਰਾ  ਧ੍ਰਿਤਰਾਸ਼ਟਰ ਨੂੰ ਮਹੱਲ ਵਿਚ ਬੈਠੇ ਬੈਠੇ ਯੁੱਧ ਦੇ ਮੈਦਾਨ ਦਾ ਅੱਖੀਂ ਡਿੱਠਾ ਹਾਲ ਸੁਣਾਇਆ ਜਾਂਦਾ ਸੀ।

ਇਹ ਅੱਜ ਦੇ ਸਮੇਂ ਟੀਵੀ 'ਤੇ ਹੋਣ ਵਾਲਾ ਸਿੱਧਾ ਪ੍ਰਸਾਰਣ ਨਹੀਂ ਹੈ ਤਾਂ ਹੋਰ ਕੀ ਹੈ? ਸ਼ਰਮਾ ਨੇ ਕਿਹਾ, 'ਅੱਜ ਜਿਸ ਗੂਗਲ ਨੂੰ ਤੁਸੀਂ ਹਰ ਵਿਸ਼ੇ ਦੇ ਜਾਣਕਾਰ ਵਜੋਂ ਵੇਖਦੇ ਹੋ, ਮਹਾਭਾਰਤ ਕਾਲੇ ਵਿਚ ਵਿਸ਼ੇਸ਼ ਕਿਰਦਾਰ ਹੋਇਆ ਕਰਦਾ ਸੀ ਨਾਰਦ ਮੁਨੀ। ਉਹ ਕਿਤੇ ਵੀ ਕਦੇ ਵੀ ਪਹੁੰਚ ਜਾਂਦਾ ਸੀ।'ਅਤੇ ਹਰ ਸਮੱਸਿਆ ਦਾ ਹੱਲ ਸੁਝਾਉਂਦੇ ਸਨ ਤੇ ਉਹ ਵੀ ਸਿਰਫ਼ ਤਿੰਨ ਵਾਰ ਨਾਰਾਇਣ, ਨਾਰਾਇਣ, ਨਾਰਾਇਣ ਬੋਲ ਕੇ। ਪਲ ਭਰ ਵਿਚ ਕੋਈ ਵੀ ਸੰਦੇਸ਼ ਕਿਤੇ ਵੀ ਪਹੁੰਚਾ ਦਿੰਦੇ ਸਨ।' ਉਪ ਮੁੱਖ ਮੰਤਰੀ ਨੇ ਦੇਸ਼ ਵਿਚ ਮੀਡੀਆ ਦੀ ਆਜ਼ਾਦੀ ਦੀ ਸ਼ਲਾਘਾ ਕੀਤੀ। (ਏਜੰਸੀ)