ਰਾਹ ਜਾਂਦੇ ਯਾਤਰੀਆਂ ਲਈ ਸਹਾਰਾ ਬਣਿਆ 81 ਸਾਲਾ ਗੁਰੂ ਕਾ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਬਾ ਕਰਨੈਲ ਸਿੰਘ ਖਹਿਰਾ ਨੇ ਦੱਸਿਆ, ਇਹ ਕਬਾਇਲੀ ਖੇਤਰ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ, ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ।

Baba Karnail Singh Khaira

ਮੁੰਬਈ: ਪਿਛਲੇ ਦੋ ਮਹੀਨਿਆਂ ਤੋਂ ਲਾਗੂ ਲੌਕਡਾਊਨ ਦੇ ਚਲਦਿਆਂ ਨੈਸ਼ਨਲ ਹਾਈਵੇਅ-7 ਦੇ ਨੇੜਿਓ ਗੁਜ਼ਰਨ ਵਾਲੇ ਹਜ਼ਾਰਾਂ ਬੱਸਾਂ ਅਤੇ ਟਰੱਕਾਂ ਦੇ ਯਾਤਰੀ ਤੇ ਡਰਾਇਵਰ ਸੜਕ ਦੇ ਨੇੜੇ ਪਲਾਸਟਿਕ ਦੀ ਚਾਦਰ ਨਾਲ ਬਣੀ ਸ਼ੈੱਡ ਦੇ ਹੇਠ ਅਰਾਮ ਕਰਦੇ ਹਨ। ਲਗਭਗ 450 ਕਿਲੋਮੀਟਰ ਦੇ ਖੇਤਰ ਵਿਚ ਇਹ ਇਕੋ-ਇਕ ਥਾਂ ਹੈ ਜਿੱਥੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਚੰਗਾ ਖਾਣਾ ਮੁਫਤ ਵਿਚ ਮਿਲਦਾ ਹੈ।

ਇਸ ਸਥਾਨ 'ਤੇ ਬਾਬਾ ਕਰਨੈਲ ਸਿੰਘ ਖਹਿਰਾ, ਜਿਨ੍ਹਾਂ ਨੂੰ ਖਹਿਰਾ ਬਾਬਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਸੇਵਾਵਾਂ ਨਿਭਾਅ ਰਹੇ ਹਨ। ਬਾਬਾ ਕਰਨੈਲ ਸਿੰਘ ਖਹਿਰਾ ਨੇ ਦੱਸਿਆ, ਇਹ ਕਬਾਇਲੀ ਖੇਤਰ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ, ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ। ਇਸ ਲਈ ਜ਼ਿਆਦਾਤਰ ਲੋਕ ਇੱਥੇ ਆ ਕੇ 'ਗੁਰੂ ਕਾ ਲੰਗਰ' ਛਕਦੇ ਹਨ ਤੇ ਅਰਾਮ ਕਰਦੇ ਹਨ। 

ਇਸ ਸਥਾਨ 'ਤੇ ਗੁਰਦੁਆਰਾ ਸਾਹਿਬ, ਡੇਰਾ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਲਿਖਿਆ ਹੋਇਆ ਹੈ। ਇਹ 'ਗੁਰੂ ਕਾ ਲੰਗਰ' ਇਤਿਹਾਸਕ ਗੁਰਦੁਆਰਾ ਭਗੌੜ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ, ਜੋ ਕਿ ਜੰਗਲੀ ਖੇਤਰ ਵਿਚ ਲਗਭਗ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਇੱਥੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਆਉਂਦੀਆਂ ਹਨ। 

ਇਸ ਅਸਥਾਨ 'ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1705 ਵਿਚ ਰੁਕੇ ਸਨ,  ਜਦੋਂ ਉਹ ਨਾਂਦੇੜ ਸਾਹਿਬ ਨੂੰ ਜਾ ਰਹੇ ਸੀ। ਖਹਿਰਾ ਬਾਬਾ ਜੀ ਦਾ ਕਹਿਣਾ ਹੈ ਕਿ, ਗੁਰਦੁਆਰਾ ਭਗੌੜ ਸਾਹਿਬ ਮੇਨ ਰੋਡ ਤੋਂ ਦੂਰ ਹੈ, ਇਸ ਲਈ ਲਗਭਗ 32 ਸਾਲ ਪਹਿਲਾਂ ਉਸ ਗੁਰਦੁਆਰਾ ਸਾਹਿਬ ਦੀ ਸ਼ਾਖਾ ਵਜੋਂ ਇਸ ਲੰਗਰ ਦੀ ਸ਼ੁਰੂਆਤ ਕੀਤੀ ਗਈ। ਉਹਨਾ ਦੱਸਿਆ ਕਿ 24 ਮਾਰਚ ਤੋਂ ਲਾਗੂ ਲੌਕਡਾਊਨ ਕਾਰਨ ਇਹ ਲੰਗਰ ਪ੍ਰਵਾਸੀ ਮਜ਼ਦੂਰਾਂ ਲਈ ਸਹਾਰਾ ਬਣਿਆ।

ਉਹਨਾ ਦੱਸਿਆ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਲੰਗਰ ਛਕਣ ਲਈ ਆਉਂਦੇ ਹਨ ਤੇ ਸਾਰਿਆਂ ਦਾ ਸਾਡੇ ਵੱਲੋਂ ਹੱਥ ਜੋੜ ਕੇ ਸਵਾਗਤ ਕੀਤਾ ਜਾਂਦਾ ਹੈ, ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧ ਰੱਖਦਾ ਹੋਵੇ। ਉਹਨਾਂ ਦੱਸਿਆ ਕਿ ਲੌਕਡਾਊਨ ਦੌਰਾਨ ਵੀ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।

ਇਸ ਵਿਚ ਉਹਨਾਂ ਨੂੰ ਉਹਨਾਂ ਦੇ ਛੋਟੇ ਭਰਾ ਗੁਰਬਖ਼ਸ਼ ਸਿੰਘ ਜੋ ਨਿਊਜਰਸੀ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਸਥਾਨਕ ਸਿੱਖ ਭਾਈਚਾਰੇ ਦਾ ਸਹਿਯੋਗ ਮਿਲਿਆ। ਉਹਨਾਂ ਦੱਸਿਆ ਕਿ ਪਿਛਲੇ 10 ਹਫ਼ਤਿਆਂ ਵਿਚ ਇੱਥੇ 15 ਲੱਖ ਤੋਂ ਜ਼ਿਆਦਾ ਲੋਕਾਂ ਨੇ ਲੰਗਰ ਛਕਿਆ।

ਵਿਲੱਖਣ ਗੱਲ ਇਹ ਹੈ ਕਿ ਇੱਥੇ ਰੋਜ਼ਾਨਾ ਅਵਾਰਾ ਅਤੇ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਵੀ ਢਿੱਡ ਭਰਿਆ ਜਾਂਦਾ ਹੈ। ਬੀਤੇ ਦਿਨੀਂ ਉਹਨਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਰਾਹ ਜਾਂਦੀਆਂ ਸੰਗਤਾਂ ਲਈ ਛਬੀਲ ਦਾ ਪ੍ਰਬੰਧ ਕੀਤਾ ਸੀ।