ਕੋਰੋਨਾ ਵਾਇਰਸ ਵਿਰੁਧ ਲੜਾਈ ਲੰਮੀ ਹੈ, ਪਰ ਅਸੀਂ ਜੇਤੂ ਰਾਹ ’ਤੇ ਪੈ ਚੁੱਕੇ ਹਾਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਵਿਰੁਧ ਲੜਾਈ ’ਚ ਦੇਸ਼ਵਾਸੀਆਂ ਨੂੰ ਆਉਣ ਵਾਲੇ ਦਿਨਾਂ ’ਚ ਵੀ ‘ਹਿੰਮ ਅਤੇ

PM Modi

ਨਵੀਂ ਦਿੱਲੀ, 30 ਮਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਵਿਰੁਧ ਲੜਾਈ ’ਚ ਦੇਸ਼ਵਾਸੀਆਂ ਨੂੰ ਆਉਣ ਵਾਲੇ ਦਿਨਾਂ ’ਚ ਵੀ ‘ਹਿੰਮ ਅਤੇ ਹੌਸਲਾ’ ਕਾਇਮ ਰੱਖਣ ਦਾ ਸਨਿਚਰਵਾਰ ਨੂੰ ਸੱਦਾ ਦਿਤਾ ਅਤੇ ਕਿਹਾ ਕਿ ਕੌਮਾਂਤਰੀ ਮਹਾਂਮਾਰੀ ਕਰ ਕੇ ਇਹ ਸੰਕਟ ਦੀ ਘੜੀ, ਦੇਸ਼ਵਾਸੀਆਂ ਲਈ ਸੰਕਲਪ ਦੀ ਘੜੀ ਹੈ ਅਤੇ ਕੋਈ ਵੀ ਬਿਪਤਾ ਜਾਂ ਆਫ਼ਤ 130 ਕਰੋੜ ਭਾਰਤੀਆਂ ਦਾ ਵਰਤਮਾਨ ਅਤੇ ਭਵਿੱਖ ਤੈਅ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਲੰਮੀ ਲੜਾਈ ’ਚ ਜਿੱਤ ਲਈ ਸਰਕਾਰ ਦੀ ਹਰ ਹਦਾਇਤ ਦੀ ਪਾਲਣਾ ਕਰਨਾ ਜ਼ਰੂਰੀ ਹੈ ਨਹੀਂ ਤਾਂ ਜ਼ਿੰਦਗੀ ’ਚ ਹੋ ਰਹੀ ਪ੍ਰੇਸ਼ਾਨੀ, ਜ਼ਿੰਦਗੀ ਦੀ ਆਫ਼ਤ ਬਣ ਸਕਦੀ ਹੈ।

ਮੋਦੀ ਨੇ ਕਿਹਾ, ‘‘ਅਸੀਂ ਹਮੇਸ਼ਾ ਯਾਦ ਰਖਣਾ ਹੈ ਕਿ 130 ਕਰੋੜ ਭਾਰਤੀਆਂ ਦਾ ਵਰਤਮਾਨ ਅਤੇ ਭਵਿੱਖ ਕੋਈ ਬਿਪਤਾ ਜਾਂ ਕੋਈ ਆਫ਼ਤ ਤੈਅ ਨਹੀਂ ਕਰ ਸਕਦੀ। ਅਸੀਂ ਅਪਣਾ ਵਰਤਮਾਨ ਵੀ ਖ਼ੁਦ ਤੈਅ ਕਰਾਂਗੇ ਅਤੇ ਅਪਣਾ ਭਵਿੱਖ ਵੀ। ਅਸੀਂ ਅੱਗੇ ਵਧਾਂਗੇ, ਅਸੀਂ ਤਰੱਕੀ ਦੇ ਰਾਹ ’ਤੇ ਦੌੜਾਂਗੇ, ਅਸੀਂ ਜੇਤੂ ਹੋਵਾਂਗੇ।’’
ਮੋਦੀ ਨੇ ਅਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ’ਤੇ ਦੇਸ਼ਵਾਸੀਆਂ ਦੇ ਨਾਂ ਚਿੱਠੀ ’ਚ ਪਿਛਲੇ ਇਕ ਸਾਲ ’ਚ ਕੀਤੇ ਗਏ ਕੰਮਾਂ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਦਸੀਆਂ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਹਿੱਤ ’ਚ ਕੀਤੇ ਕੰਮਾਂ ਅਤੇ ਫ਼ੈਸਲਿਆਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਇਕ ਸਾਲ ਦੇ ਕਾਰਜਕਾਲ ’ਚ ਹਰ ਦਿਨ 24 ਘੰਟੇ ਪੂਰੀ ਚੌਕਸੀ, ਸੰਵੇਦਨਸ਼ੀਲਤਾ ਨਾਲ ਕੰਮ ਹੋਇਆ ਹੈ ਅਤੇ ਫ਼ੈਸਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਹਾਲਾਤ ਹੁੰਦੇ ਤਾਂ ਉਹ ਲੋਕਾਂ ਵਿਚਕਾਰ ਆਉਂਦੇ ਪਰ ਮਹਾਂਮਾਰੀ ਕੋਰੋਨਾ ਕਰ ਕੇ ਜੋ ਹਾਲਾਤ ਬਣੇ ਹਨ ਉਨ੍ਹਾਂ ਹਾਲਾਤ ’ਚ ਉਹ ਚਿੱਠੀ ਰਾਹੀਂ ਅਪਣੀ ਗੱਲ ਰਖ ਰਹੇ ਹਨ।

 ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੂਜੇ ਕਾਰਜਕਾਲ ਲਹੀ 30 ਮਈ, 2019 ਨੂੰ ਸਹੁੰ ਚੁੱਕੀ ਸੀ। ਦੇਸ਼ਵਾਸੀਆਂ ਦੇ ਨਾਂ ਲਿਖੀ ਚਿੱਠੀ ’ਚ ਮੋਦੀ ਨੇ ਕੋਰੋਨਾ ਵਾਇਰਸ ਕਰ ਕੇ ਲਾਗੂ ਦੇਸ਼ਪੱਧਰੀ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ, ਕਾਰੀਗਰਾਂ, ਛੋਟੇ ਉਦਯੋਗਾਂ, ਦੁਕਾਨਦਾਰਾਂ, ਰੇਹੜੀ ਲਾਉਣ ਵਾਲਿਆਂ ਨੂੰ ਹੋਈ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਨ। 
ਕੋਰੋਨਾ ਵਾਇਰਸ ਤੋਂ ਅਰਥਚਾਰੇ ’ਤੇ ਪੈਣ ਵਾਲੇ ਅਸਰ ਅਤੇ ਉਸ ਨਾਲ ਨਜਿੱਠਣ ਦਾ ਅਹਿਦ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਅਪਣੇ ਪੈਰਾਂ ’ਤੇ ਖੜਾ ਹੋਣਾ ਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤ ’ਚ ਇਹ ਚਰਚਾ ਬਹੁਤ ਵਿਆਪਕ ਹੈ ਕਿ ਭਾਰਤ ਸਮੇਤ ਸਾਰੇ ਦੇਸ਼ਾਂ ਦੇ ਅਰਥਚਾਰੇ ਕਿਸ ਤਰ੍ਹਾਂ ਬਾਹਰ ਨਿਕਲਣਗੇ। ਉਨ੍ਹਾਂ ਕਿਹਾ, ‘‘ਸਾਨੂੰ ਇਹ ਭਰੋਸਾ ਹੈ ਕਿ ਜਿਵੇਂ ਭਾਰਤ ਨੇ ਅਪਣੀ ਇਕਜੁਟਤਾ ਨਾਲ ਕੋਰੋਨਾ ਵਿਰੁਧ ਲੜਾਈ ’ਚ ਪੂਰੀ ਦੁਨੀਆਂ ਨੂੰ ਹੈਰਾਨ ਕੀਤਾ ਹੈ, ਉਸੇ ਤਰ੍ਹਾਂ ਆਰਥਕ ਖੇਤਰ ’ਚ ਵੀ ਅਸੀਂ ਨਵੀਂ ਮਿਸਾਨ ਕਾਇਮ ਕਰਾਂਗੇ। ਅਸੀਂ 130 ਕਰੋੜ ਭਾਰਤੀ ਅਪਣੀ ਤਾਕਤ ਨਾਲ ਆਰਥਕ ਖੇਤਰ ’ਚ ਵੀ ਦੁਨੀਆਂ ਨੂੰ ਹੈਰਾਨ ਹੀ ਨਹੀਂ ਬਲਕਿ ਪ੍ਰੇਰਿਤ ਵੀ ਕਰ ਸਕਦੇ ਹਾਂ।’’

ਆਤਮਨਿਰਭਰ ਭਾਰਤ ਮੁਹਿੰਮ ਲਈ ਹਾਲ ਹੀ ’ਚ ਐਲਾਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਮੁਹਿੰਮ ਕਿਸਾਨਾਂ, ਮਜ਼ਦੂਰਾਂ ਛੋਟੇ ਉਦਯੋਗਾਂ, ਸਟਾਰਟ ਅੱਪਸ ਨਾਲ ਜੁੜੇ ਨੌਜੁਆਨਾਂ ਸਮੇਤ ਸਾਰੇ ਲੋਕਾਂ ਲਈ ਨਵੇਂ ਮੌਕਿਆਂ ਦਾ ਦੌਰ ਲੈ ਕੇ ਆਵੇਗ।      (ਪੀਟੀਆਈ)

ਪ੍ਰਧਾਨ ਮੰਤਰੀ ਨੇ ਅਪਣੇ ਦੂਜੇ ਕਾਰਜਕਾਲ ਦੀ ਵਿਕਾਸ ਯਾਤਰਾ ਲੋਕਾਂ ਨਾਲ ਸਾਂਝੀ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਲੋਕਾਂ ਨਾਲ ਇਕ ਦਸਤਾਵੇਜ਼ ਸਾਂਝਾ ਕੀਤਾ ਜਿਸ ’ਚ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਵਿਕਾਸ ਯਾਤਰਾ, ਮਜ਼ਬੂਤੀਕਰਨ ਅਤੇ ਸੇਵਾ ਦਾ ਵੇਰਵਾ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਅਹੁਦੇ ’ਤੇ ਅਪਣੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਉਨ੍ਹਾਂ ਵਲੋਂ ਅਪਣੇ ਟਵਿੱਟਰ ਅਕਾਊਂਟ ਅਤੇ ਵੈੱਬ ਪੋਰਟਲ ’ਤੇ ਸਾਂਝੇ ਕੀਤੇ ਗਏ ਦਸਤਾਵੇਜ਼ ’ਚ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੀ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿਤਾ ਗਿਆ ਹੈ। ਇਸ ਦਸਤਾਵੇਜ਼ 15 ਸਿਰਲੇਖਾਂ ਵਾਲਾ ਹੈ, ਜਿਸ ਨਾਲ ਕਾਰੋਬਾਰ ਨੂੰ ਆਸਾਨ ਬਣਾਉਣ, ਭਿ੍ਰਸ਼ਟਾਚਾਰ ਖ਼ਤਮ ਕਰਨ ਅਤੇ ਕੋਰੋਨਾ ਵਾਇਰਸ ਵਿਰੁਧ ਦੇਸ਼ ਦੀ ਲੜਾਈ ਵਰਗੇ ਸ਼ਾਮਲ ਹਨ। ਮੋਦੀ ਨੇ ਦਸਤਾਵੇਜ਼ ਨਾਲ ਟਵੀਟ ਕੀਤਾ, ‘‘ਵਿਕਾਸ ਯਾਤਰਾ ਵੇਖੋ, ਜੋ ਵਿਕਾਸ, ਮਜ਼ਬੂਤੀਕਰਨ ਅਤੇ ਸੇਵਾ ਦੀ ਸਾਡੀ ਸਮੂਹਕ ਯਾਤਰਾ ਦੀ ਝਲਕ ਪੇਸ਼ ਕਰਦਾ ਹੈ।’’