ਆਗਰਾ ਵਿਚ ਤੇਜ਼ ਹਨੇਰੀ-ਤੂਫ਼ਾਨ ਨਾਲ ਤਾਜ ਮਹਿਲ ਨੂੰ ਹੋਇਆ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮਕਬਰੇ ਦੀ ਰੇਲਿੰਗ ਟੁੱਟੀ, ਕਈ ਦਰੱਖ਼ਤ ਉਖੜੇ

File Photo

ਆਗਰਾ, 30 ਮਈ: ਆਗਰਾ ’ਚ ਸ਼ੁਕਰਵਾਰ ਦੇਰ ਰਾਤ ਹਨੇਰੀ-ਤੂਫ਼ਾਨ ਕਰ ਕੇ ਵਿਸ਼ਵ ਪ੍ਰਸਿੱਧ ਤਾਜ ਮਹਿਲ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇਸ ਦੌਰਾਨ ਤਾਜ ਮਹਿਲ ਦੇ ਮੁੱਖ ਮਕਬਰੇ ਦੀ ਸੰਗਮਰਮਰ ਦੀ ਰੇਲਿੰਗ ਟੁੱਟ ਗਈ ਅਤੇ ਉਸ ਦੀਆਂ ਜਾਲੀਆਂ ਵੀ ਡਿੱਗ ਪਈਆਂ। ਭਾਰਤੀ ਪੁਰਾਤੱਤਵ ਵਿਭਾਗ ਦੇ ਡਾ. ਬਸੰਤ ਸਵਰਣਕਾਰ ਨੇ ਦਸਿਆ ਕਿ ਤਾਜ ਮਹਿਲ ਦਾ ਇਕ ਦਰਵਾਜ਼ਾ ਵੀ ਉਖੜ ਗਿਆ ਹੈ। ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ ਤਾਜ ਮਹਿਲ ’ਚ ਸੈਲਾਨੀਆਂ ਦੀ ਸਹੂਲਤ ਲਈ ਬਣਾਈ ਸ਼ੈੱਡ ਦੀ ਫ਼ਾਲਸ ਸੀਲਿੰਗ ਉਖੜ ਗਈ ਹੈ।

ਤਾਜ ਮਹਿਲ ਤੋਂ ਇਲਾਵਾ ਮਹਿਤਾਬ ਬਾਗ਼ ਦੀ ਕੰਧ ਦਾ ਦਰੱਖ਼ਤ ਡਿੱਗ ਗਿਆ ਅਤੇ ਮਰੀਅਮ ਦੇ ਮਕਬਰੇ ’ਚ ਵੀ ਦਰੱਖ਼ਤ ਡਿੱਗ ਗਿਆ।’’ ਅਧਿਕਾਰੀਆਂ ਨੇ ਕਿਹਾ ਕਿ ਤੇਜ਼ ਹਨੇਰੀ ਕਰ ਕੇ ਆਗਰਾ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਨਾਲ ਹੀ ਕਈ ਥਾਵਾਂ ’ਤੇ ਮਕਾਨ ਅਤੇ ਦਰੱਖ਼ਤਾਂ ਦੇ ਡਿੱਗਣ ਦੀ ਵੀ ਸੂਚਨਾ ਹੈ। ਤਾਲਾਬੰਦੀ ਕਰ ਕੇ ਤਾਜ ਮਹਿਲ ਪਿਛਲੇ 68 ਦਿਨਾਂ ਤੋਂ ਬੰਦ ਹੈ। ਪਹਿਲੀ ਵਾਰੀ ਤਾਜ ਮਹਿਲ ਨੂੰ ਏਨੇ ਦਿਨਾਂ ਲਈ ਬੰਦ ਰਖਿਆ ਗਿਆ ਹੈ।    (ਪੀਟੀਆਈ)