ਮਹਾਂਰਾਸ਼ਟਰ ਦੇ ਰਾਜਪਾਲ ਨੇ ਸੋਨੂੰ ਸੂਦ ਦੇ ਕੰਮ ਦੀ ਕੀਤੀ ਪ੍ਰਸ਼ੰਸਾ, ਮਦਦ ਕਰਨ ਦਾ ਦਵਾਇਆ ਵਿਸ਼ਵਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਚ ਚੱਲ ਰਹੇ ਲੌਕਡਾਊਨ ਦੇ ਨਾਲ ਹਰ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਚ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ

Photo

ਨਵੀਂ ਦਿੱਲੀ : ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੇ ਨਾਲ ਹਰ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਵਿਚ ਸਭ ਤੋਂ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਪ੍ਰਵਾਸੀ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ। ਲੌਕਡਾਊਨ ਦੇ ਕਾਰਨ ਉਹ ਆਪਣੇ ਘਰ ਵਾਪਿਸ ਵੀ ਨਹੀਂ ਜਾ ਪਾ ਰਹੇ ਅਤੇ ਇਸ ਦੇ ਨਾਲ ਹੀ ਕੰਮ ਕਾਰ ਬੰਦ ਹੋਣ ਦੇ ਨਾਲ ਉਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਵੀ ਨਹੀਂ ਨਸੀਬ ਹੋ ਰਹੀ।

ਅਜਿਹੇ ਵਿਚ ਸੋਨੂੰ ਸੂਦ ਇਨ੍ਹਾਂ ਮਜ਼ਦੂਰਾਂ ਦੀ ਸਹਾਇਤਾ ਕਰਨ ਲਈ ਫਰਿਸ਼ਤਾ ਬਣ ਕੇ ਆਏ ਹਨ। ਉਨ੍ਹਾਂ ਦੇ ਵੱਲੋਂ ਬੱਸਾਂ ਰਾਹੀ ਇਨ੍ਹਾਂ ਮਜ਼ਦੂਰਾਂ ਨੂੰ ਘਰ ਤੱਕ ਭੇਜਿਆ ਜਾ ਰਿਹਾ ਹੈ ਹਾਲ ਹੀ ਵਿਚ ਉਨ੍ਹਾਂ ਨੂੰ ਮਹਾਂਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਆਪਣੇ ਕੰਮ ਦੀ ਬ੍ਰਿਫਿੰਗ ਦੇਣ ਲਈ ਉਨ੍ਹਾਂ ਨੂੰ ਦਫਤਰ ਵਿਚ ਬੁਲਾਇਆ ਸੀ।

ਜਿੱਥੇ ਉਨ੍ਹਾਂ ਨੇ ਆਪਣੇ ਕੰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਭੋਜਨ ਦੇ ਰਹੇ ਹਨ ਅਤੇ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾ ਰਹੇ ਹਨ। ਸੋਨੂੰ ਸੂਦ ਨੇ ਇਹ ਵੀ ਦੱਸਿਆ ਕਿ ਉਹ ਹੁਣ ਤੱਕ ਕਿੰਨੇ ਲੋਕਾਂ ਨੂੰ ਭੇਜ ਚੁੱਕੇ ਹਨ ਅਤੇ ਅੱਗੇ ਹੋਰ ਉਨ੍ਹਾਂ ਦਾ ਕੀ ਪਲਾਨ ਹੈ।

ਉਧਰ ਰਾਜਪਾਲ, ਸੋਨੂੰ ਸੂਦ ਦੇ ਇਸ ਨੇਕ ਕੰਮ ਤੋਂ ਬਹੁਤ ਹੀ ਖੁਸ਼ ਹੋਏ ਅਤੇ ਇਸ ਕੰਮ ਲਈ ਉਨ੍ਹਾਂ ਦੀ ਪ੍ਰਸੰਸਾ ਵੀ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਸੋਨੂੰ ਸੂਦ ਨੂੰ ਇਹ ਵਿਸ਼ਵਾਸ ਵੀ ਦਵਾਇਆ ਕਿ ਉਹ ਇਸ ਨੇਕ ਕੰਮ ਵਿਚ ਉਨ੍ਹਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਰਹਿਣਗੇ। ਦੱਸ ਦੱਈਏ ਕਿ ਸੋਨੂੰ ਸੂਦ ਦੇ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਦੇ ਕਾਰਨ ਲੋਕਾਂ ਵੱਲੋਂ ਉਸ ਦੀ ਖੂਬ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਸੋਨੂੰ ਸੂਦ ਨੂੰ ਰੀਅਲ ਹੀਰੋ ਕਿਹਾ ਜਾ ਰਿਹਾ ਹੈ।