ਸੰਭਾਵਨਾ ਸੇਠ ਨੇ ਹਸਪਤਾਲ ਨੂੰ ਭੇਜਿਆ ਨੋਟਿਸ, ਕਿਹਾ- 'ਇਲਾਜ ਦੌਰਾਨ ਪਿਤਾ ਦੇ ਹੱਥ ਬੰਨ੍ਹ ਰੱਖੇ ਸੀ'
ਸੰਭਾਵਨਾ ਦੇ ਪਿਤਾ ਦਾ 8 ਮਈ ਨੂੰ ਦੇਹਾਂਤ ਹੋ ਗਿਆ ਸੀ
ਨਵੀਂ ਦਿੱਲੀ - ਮਸ਼ਹੂਰ ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਨੇ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਨੂੰ ਨੋਟਿਸ ਭੇਜਿਆ ਹੈ। ਸੰਭਾਵਨਾ ਦੇ ਪਿਤਾ ਦੀ ਮੌਤ ਤੋਂ ਪਹਿਲਾਂ ਉਹਨਾਂ ਦਾ ਇਲਾਜ ਇਸੇ ਹਸਪਤਾਲ ਵਿਚ ਚੱਲ ਰਿਹਾ ਸੀ। ਸੰਭਾਵਨਾ ਦੇ ਪਿਤਾ ਦਾ 8 ਮਈ ਨੂੰ ਦੇਹਾਂਤ ਹੋ ਗਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਹਸਪਤਾਲ' ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਸਨ, ਪਰ ਹੁਣ ਸੰਭਾਵਨਾ ਕਾਨੂੰਨੀ ਤਰੀਕੇ ਨਾਲ ਲੜਨ ਦੇ ਮੂਡ ਵਿਚ ਹੈ। ਸੰਭਾਵਨਾ ਨੇ ਇਸ ਗੱਲ ਦੀ ਪੁਸ਼ਟੀ ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕੀਤੀ ਹੈ।
ਇਸ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘ਮੈਂ ਹਸਪਤਾਲ ਨੂੰ ਸੇਵਾਵਾਂ ਦੀ ਘਾਟ, ਡਾਕਟਰੀ ਲਾਪ੍ਰਵਾਹੀ, ਧਿਆਨ ਨਾ ਦੇਣ ਵਾਲੀ ਦੇਖਭਾਲ ਅਤੇ ਗ਼ੈਰ-ਜਿੰਮੇਵਾਰਾਨਾ ਵਿਵਹਾਰ ਦਾ ਦੋਸ਼ ਲਾਉਂਦਿਆਂ ਇਕ ਨੋਟਿਸ ਭੇਜਿਆ ਹੈ’। ਅਦਾਕਾਰਾ ਨੇ ਦੱਸਿਆ, “ਮੇਰੇ ਪਿਤਾ ਨੂੰ 30 ਅਪ੍ਰੈਲ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਚਾਰ ਦਿਨ ਬਾਅਦ ਉਹਨਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ। ਮੈਡੀਕਲ ਸਟਾਫ਼ ਨੇ ਕੁਝ ਬਲੱਡ ਟੈਸਟ ਕੀਤੇ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਠੀਕ ਹੋ ਜਾਣਗੇ। ਇਹ ਸੁਣ ਕੇ ਸਾਨੂੰ ਰਾਹਤ ਮਿਲੀ।
ਉਸੇ ਦਿਨ ਜਦੋਂ ਮੇਰਾ ਭਰਾ ਹਸਪਤਾਲ ਆਇਆ, ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਮੇਰੇ ਪਿਤਾ ਦੇ ਦੋਨੋਂ ਹੱਥ ਬੰਨ੍ਹ ਰੱਖੇ ਸਨ। ਉਸ ਤੋਂ ਬਾਅਦ, ਭਰਾ ਨੇ ਹੱਥ ਖੋਲ੍ਹ ਕੇ ਹਸਪਤਾਲ ਦੇ ਲੋਕਾਂ ਨੂੰ ਇਸ ਬਾਰੇ ਪੁੱਛਗਿੱਛ ਕੀਤੀ। 7 ਮਈ ਨੂੰ ਭਰਾ ਨੇ ਮੈਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਪਾਪਾ ਨੂੰ ਆਕਸੀਜਨ ਲਗਾਈ ਗਈ ਹੈ, ਜਦੋਂ ਕਿ ਉਹਨਾਂ ਦਾ ਆਕਸੀਜਨ ਦਾ ਪੱਧਰ 90 ਤੋਂ 95 ਸੀ।
ਮੈਂ ਮਹਿਸੂਸ ਕੀਤਾ ਕਿ ਉਥੇ ਕੁਝ ਠੀਕ ਨਹੀਂ ਹੋ ਰਿਹਾ ਹੈ ਅਤੇ ਮੈਂ ਅਗਲੇ ਹੀ ਦਿਨ ਦਿੱਲੀ ਲਈ ਰਵਾਨਾ ਹੋ ਗਈ। ਫਿਰ ਮੈਂ ਜਦੋਂ ਹਸਪਤਾਲ ਪਹੁੰਚੀ ਤਾਂ ਮੈਂ ਦੇਖਿਆ ਕਿ ਮੇਰੇ ਪਿਤਾ ਦੇ ਹੱਥ-ਪੈਰ ਬੰਨ੍ਹ ਰੱਖੇ ਸਨ। ਹਸਪਤਾਲ ਵਾਲਿਆਂ ਨੇ ਕਿਹਾ ਕਿ ਹੱਥ ਇਸ ਲਈ ਬੰਨ੍ਹੇ ਗਏ ਹਨ ਕਿ ਇਹ ਆਕਸੀਜਨ ਨਾ ਕੱਢ ਦੇਣ। ਸੰਭਾਵਨਾ ਨੇ ਦੱਸਿਆ ਕਿ ਉੱਤੇ ਮੇਰੇ ਪਿਤਾ ਦੀ ਦੇਖਰੇਖ ਲਈ ਕੋਈ ਵੀ ਨਹੀਂ ਸੀ, ਮੈਂ ਹਸਪਤਾਲ ਦੀ ਵਿਵਸਥਾ ਦੇਖ ਕੇ ਹੈਰਾਨ ਰਹਿ ਗਈ।
ਮੈਂ ਇਹ ਸਭ ਆਪਣੇ ਮੋਬਾਈਲ ਤੇ ਰਿਕਾਰਡ ਕੀਤਾ, ਤਾਂ ਹਸਪਤਾਲ ਦੇ ਲੋਕਾਂ ਨੇ ਮੈਨੂੰ ਵੀਡੀਓ ਨੂੰ ਡਿਲੀਟ ਕਰਨ ਦੀ ਬੇਨਤੀ ਕੀਤੀ। ਆਪਣੇ ਪਿਤਾ ਦੀ ਹਾਲਤ ਨੂੰ ਵੇਖਦਿਆਂ, ਮੈਂ ਸੀਨੀਅਰ ਡਾਕਟਰ ਨੂੰ ਮਿਲਣ ਲਈ ਗਈ। ਬਹੁਤ ਭਾਲ ਤੋਂ ਬਾਅਦ, ਮੈਨੂੰ ਇੱਕ ਡਾਕਟਰ ਮਿਲਿਆ ਜਿਸ ਨੇ ਮੈਨੂੰ ਮੇਰੇ ਪਿਤਾ ਦੀ ਸਿਹਤ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਪਾਪਾ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਹ ਮੇਰੇ ਪਿਤਾ ਦੀ ਦੇਖ ਰੇਖ ਲਈ ਕਿਸੇ ਨੂੰ ਭੇਜ ਰਹੇ ਹਨ।
ਪਰ ਕੁਝ ਸਮੇਂ ਬਾਅਦ ਉਨ੍ਹਾਂ ਲੋਕਾਂ ਨੇ ਮੈਨੂੰ ਦੱਸਿਆ ਕਿ ਮੇਰੇ ਪਿਤਾ ਨੂੰ ਕਾਰਡਿਯਕ ਅਰੈਸਟ ਹੋਇਆ ਹੈ। ਮੈਂ ਆਪਣੇ ਪਿਤਾ ਨੂੰ ਦੇਖਣਾ ਚਾਹੁੰਦੀ ਸੀ ਪਰ ਉਹਨਾਂ ਨੇ ਮੈਨੂੰ ਰੋਕ ਦਿੱਤਾ। ਫਿਰ ਥੋੜ੍ਹੇ ਸਮੇਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਸੰਭਾਵਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਬਾਰੇ ਵਿਚ ਪਹਿਲਾਂ ਹੀ ਪਤਾ ਸੀ। ਅਦਾਕਾਰਾ ਨੇ ਕਿਹਾ ਕਿ ਮੇਰੇ ਕੁੱਝ ਸਵਾਲ ਹਨ ਜਿਹਨਾਂ ਦੇ ਜਵਾਬ ਜਾਣਨ ਲਈ ਮੈਂ ਉਹਨਾਂ ਨੂੰ ਨੋਟਿਸ ਭੇਜਿਆ ਹੈ।