ਤਾਰਾ ਏਅਰ: ਨੇਪਾਲ ਵਿਚ ਜਹਾਜ਼ ਹਾਦਸੇ ਵਿਚ ਸਾਰੇ 22 ਲੋਕਾਂ ਦੀ ਮੌਤ, ਆਖਰੀ ਦੇਹ ਵੀ ਬਰਾਮਦ
ਚਾਰ ਭਾਰਤੀਆਂ ਸਮੇਤ ਕੁੱਲ 22 ਲੋਕ ਸਵਾਰ ਸਨ ਅਤੇ ਇਹ ਪੋਖਰਾ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਐਤਵਾਰ ਨੂੰ ਪਹਾੜੀ ਮੁਸਤਾਂਗ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਿਆ
ਕਾਠਮੰਡੂ: ਨੇਪਾਲ ਵਿਚ ‘ਤਾਰਾ ਏਅਰ’ ਦੇ ਕਰੈਸ਼ ਹੋਏ ਜਹਾਜ਼ ਵਿਚ ਸਵਾਰ ਸਾਰੇ 22 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਜਹਾਜ਼ 'ਚ ਚਾਰ ਭਾਰਤੀਆਂ ਸਮੇਤ ਕੁੱਲ 22 ਲੋਕ ਸਵਾਰ ਸਨ ਅਤੇ ਇਹ ਪੋਖਰਾ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਐਤਵਾਰ ਨੂੰ ਪਹਾੜੀ ਮੁਸਤਾਂਗ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਿਆ।
ਨੇਪਾਲ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਨਾਰਾਇਣ ਸਿਲਵਾਲ ਨੇ ਟਵੀਟ ਕੀਤਾ, 'ਆਖਰੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਬਾਕੀ 12 ਲਾਸ਼ਾਂ ਨੂੰ ਹਾਦਸੇ ਵਾਲੀ ਥਾਂ ਤੋਂ ਕਾਠਮੰਡੂ ਲਿਆਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਨੇ ਸੋਮਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ 21 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਮੁਤਾਬਕ ਬਚਾਅ ਕਰਮੀਆਂ ਨੇ ਆਖਰੀ ਲਾਸ਼ ਨੂੰ ਲੱਭਣ ਲਈ ਮੰਗਲਵਾਰ ਸਵੇਰੇ ਆਪਣੀ ਖੋਜ ਮੁਹਿੰਮ ਮੁੜ ਸ਼ੁਰੂ ਕੀਤੀ। ਸੀਐਨਐਨ ਨੇ ਸੋਮਵਾਰ ਨੂੰ ਦੱਸਿਆ ਕਿ 10 ਲਾਸ਼ਾਂ ਨੂੰ ਕਾਠਮੰਡੂ ਲਿਆਂਦਾ ਗਿਆ ਹੈ, ਜਦੋਂ ਕਿ 11 ਹੋਰ ਲਾਸ਼ਾਂ ਨੂੰ ਬੇਸ ਕੈਂਪ ਲਿਜਾਇਆ ਗਿਆ ਹੈ, ਜਿੱਥੋਂ ਬਚਾਅ ਕਾਰਜ ਚੱਲ ਰਹੇ ਹਨ।
ਤਾਰਾ ਏਅਰ ਦਾ 'ਟਵਿਨ ਓਟਰ 9ਐਨ-ਏਈਟੀ' ਜਹਾਜ਼ ਐਤਵਾਰ ਸਵੇਰੇ ਪੋਖਰਾ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਨੇਪਾਲ ਦੇ ਪਹਾੜੀ ਖੇਤਰ 'ਚ ਲਾਪਤਾ ਹੋ ਗਿਆ ਸੀ। ਕੈਨੇਡਾ ਦੇ ਬਣੇ ਇਸ ਜਹਾਜ਼ ਵਿਚ ਚਾਰ ਭਾਰਤੀ, ਦੋ ਜਰਮਨ ਅਤੇ 13 ਨੇਪਾਲੀ ਨਾਗਰਿਕਾਂ ਸਮੇਤ ਕੁੱਲ 22 ਲੋਕ ਸਵਾਰ ਸਨ। ਇਹ ਜਹਾਜ਼ ਪੋਖਰਾ ਤੋਂ ਮੱਧ ਨੇਪਾਲ ਦੇ ਮਸ਼ਹੂਰ ਟੂਰਿਸਟ ਸ਼ਹਿਰ ਜੋਮਸੋਮ ਜਾ ਰਿਹਾ ਸੀ।