ਪਹਿਲਵਾਨਾਂ ਦੇ ਸਮਰਥਨ ’ਚ ਆਇਆ ਯੂਨਾਈਟਿਡ ਵਰਲਡ ਰੈਸਲਿੰਗ (UWW), ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਬਰਖ਼ਾਸਤ ਕਰਨ ਦੀ ਦਿਤੀ ਧਮਕੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਵਾਨ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਹਨ

photo

 

ਨਵੀਂ ਦਿੱਲੀ : ਕਰੀਬ ਇਕ ਮਹੀਨੇ ਤੋਂ ਪਹਿਲਵਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ, ਜਿਸ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲ ਹੀ ਵਿਚ ਦਿੱਲੀ ਪੁਲਿਸ ਨੇ ਪਹਿਲਵਾਨਾਂ ਨੂੰ ਜੰਤਰ-ਮੰਤਰ ਤੋਂ ਹਟਾ ਦਿੱਤਾ ਹੈ। ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨ ਮੰਗਲਵਾਰ ਨੂੰ ਗੰਗਾ ਨਦੀ 'ਤੇ ਆਪਣੇ ਤਗਮੇ ਲੈਣ ਲਈ ਪਹੁੰਚੇ ਸਨ ਪਰ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਦੀ ਬੇਨਤੀ ਤੋਂ ਬਾਅਦ ਵਿਸਰਜਨ ਪ੍ਰੋਗਰਾਮ ਨੂੰ ਪੰਜ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਯੂਨਾਈਟਿਡ ਵਰਲਡ ਰੈਸਲਿੰਗ (UWW) ਹੁਣ ਪਹਿਲਵਾਨਾਂ ਦੇ ਸਮਰਥਨ ਵਿਚ ਅੱਗੇ ਆਈ ਹੈ। ਪਹਿਲਵਾਨਾਂ ਦੀ ਸਿਖਰਲੀ ਸੰਸਥਾ UWW ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਬਰਖਾਸਤ ਕਰਨ ਦੀ ਧਮਕੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਈ ਭਾਰਤੀ ਪਹਿਲਵਾਨ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ 'ਤੇ ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ।

ਯੂਨਾਈਟਿਡ ਵਰਲਡ ਰੈਸਲਿੰਗ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਪੁਲਿਸ ਦੀ ਕਾਰਵਾਈ ਅਤੇ ਪਹਿਲਵਾਨਾਂ ਦੀ ਹਿਰਾਸਤ ਦੀ ਸਖ਼ਤ ਨਿੰਦਾ ਕੀਤੀ। 28 ਮਈ ਨੂੰ ਪੁਲਿਸ ਨੇ ਜੰਤਰ-ਮੰਤਰ ਤੋਂ 100 ਤੋਂ ਵੱਧ ਪੁਰਸ਼ ਅਤੇ ਮਹਿਲਾ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਸੀ। ਹਾਲਾਂਕਿ ਦੇਰ ਸ਼ਾਮ ਸਾਰੀਆਂ ਮਹਿਲਾ ਪਹਿਲਵਾਨਾਂ ਨੂੰ ਛੱਡ ਦਿਤਾ ਗਿਆ। ਇਸ ਤੋਂ ਬਾਅਦ ਹੋਰ ਪਹਿਲਵਾਨਾਂ ਨੂੰ ਛੱਡ ਦਿਤਾ ਗਿਆ।

ਯੂਨਾਈਟਿਡ ਵਰਲਡ ਰੈਸਲਿੰਗ ਨੇ ਕਿਹਾ ਕਿ ਤਾਜ਼ਾ ਘਟਨਾ ਚਿੰਤਾਜਨਕ ਹੈ। ਇਹ ਹੋਰ ਵੀ ਚਿੰਤਾਜਨਕ ਹੈ ਕਿ ਧਰਨਾ ਦੇਣ ਵਾਲੇ ਪਹਿਲਵਾਨਾਂ ਨੂੰ ਪੁਲਿਸ ਨੇ ਆਰਜ਼ੀ ਤੌਰ ’ਤੇ ਹਿਰਾਸਤ ਵਿਚ ਲੈ ਲਿਆ। ਜਿਸ ਜਗ੍ਹਾ 'ਤੇ ਉਹ ਇੱਕ ਮਹੀਨੇ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉਸ ਜਗ੍ਹਾ ਦੀ ਵੀ ਪ੍ਰਸ਼ਾਸਨ ਵਲੋਂ ਸਫ਼ਾਈ ਕਰਵਾਈ ਗਈ ਸੀ।

UWW ਪਹਿਲਵਾਨਾਂ ਨਾਲ ਅਜਿਹੇ ਵਿਵਹਾਰ ਅਤੇ ਨਜ਼ਰਬੰਦੀ ਦੀ ਸਖ਼ਤ ਨਿੰਦਾ ਕਰਦਾ ਹੈ। ਹੁਣ ਤੱਕ ਹੋਈ ਜਾਂਚ 'ਤੇ ਨਿਰਾਸ਼ਾ ਜ਼ਾਹਰ ਕੀਤੀ। UWW ਸਬੰਧਤ ਅਧਿਕਾਰੀਆਂ ਨੂੰ ਦੋਸ਼ਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ ਦੀ ਅਪੀਲ ਕਰਦਾ ਹੈ। ਜੇਕਰ 45 ਦਿਨਾਂ ਦੇ ਅੰਦਰ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀਆਂ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਤਾਂ ਇਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।

ਬ੍ਰਿਜ ਭੂਸ਼ਣ ਦੇ ਖਿਲਾਫ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ, ਹਰਦੁਆਰ ਵਿਖੇ ਗੰਗਾ ਵਿਚ ਆਪਣੇ ਤਗਮੇ ਵਹਾਉਣ ਦਾ ਐਲਾਨ ਕੀਤਾ ਸੀ। ਹਾਲ ਹੀ ਵਿਚ ਪਹਿਲਵਾਨਾਂ ਨੇ ਕਿਹਾ ਕਿ ਤਗਮੇ ਉਨ੍ਹਾਂ ਦੀ ਜਾਨ ਅਤੇ ਰੂਹ ਹਨ। ਗੰਗਾ 'ਚ ਰੁੜ੍ਹ ਜਾਣ ਤੋਂ ਬਾਅਦ ਉਨ੍ਹਾਂ ਦੇ ਰਹਿਣ ਦਾ ਕੋਈ ਮਤਲਬ ਨਹੀਂ ਬਚੇਗਾ, ਇਸ ਲਈ ਉਹ ਇੰਡੀਆ ਗੇਟ 'ਤੇ ਮਰਨ ਵਰਤ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਅਸੀਂ ਅੰਦਰੋਂ ਮਹਿਸੂਸ ਕਰ ਰਹੇ ਹਾਂ ਕਿ ਇਸ ਦੇਸ਼ ਵਿਚ ਸਾਡਾ ਕੁਝ ਵੀ ਨਹੀਂ ਬਚਿਆ।