ਜਦ ਕੁੜੀ ਨੇ SC 'ਚ ਸੁਣਵਾਈ ਦੌਰਾਨ ਵੀਡੀਓ ਕਾਲ 'ਤੇ ਲਗਾਈ ਗੁਹਾਰ, ਕਿਹਾ- ਮੇਰੀ ਜਾਨ ਨੂੰ ਖ਼ਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੱਜ ਨੇ ਕਿਹਾ ਇੰਤਜ਼ਾਰ ਕਰੋ, ਤੁਹਾਨੂੰ ਲੈਣ ਲਈ ਕਿਸੇ ਨੂੰ ਭੇਜ ਰਹੇ ਹਾਂ 

supreme court

ਨਵੀਂ ਦਿੱਲੀ - ਅਗਵਾ ਕਾਂਡ ਦੇ ਦੋਸ਼ੀਆਂ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਕੋਰਟ ਰੂਮ 'ਚ ਮੋਬਾਇਲ 'ਤੇ ਇਕ ਲੜਕੀ ਦੀ ਵੀਡੀਓ ਕਾਲ ਆਉਂਦੀ ਹੈ। ਉਸ ਦੇ ਕਹਿਣ 'ਤੇ ਜੱਜ ਨਾਲ ਗੱਲਬਾਤ ਕਰਵਾਈ ਜਾਂਦੀ ਹੈ। ਕੁੜੀ ਕਹਿੰਦੀ ਹੈ ਕਿ ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਅਦਾਲਤੀ ਕੈਂਪਸ ਵਿਚ ਹੀ ਹਾਂ। ਇਸ 'ਤੇ ਜੱਜ ਨੇ ਕਿਹਾ-ਤੁਸੀਂ ਉੱਥੇ ਹੀ ਇੰਤਜ਼ਾਰ ਕਰੋ। ਕੋਈ ਤੁਹਾਨੂੰ ਲੈਣ ਆ ਰਿਹਾ ਹੈ। ਇਹ ਉਹੀ ਲੜਕੀ ਹੈ ਜਿਸ ਦੇ ਅਗਵਾ ਦੇ ਦੋਸ਼ੀ ਦੀ  ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋ ਰਹੀ ਹੈ।

ਵੈਕੇਸ਼ਨ ਬੈਂਚ ਦੀ ਜੱਜ ਬੇਲਾ ਐਮ ਤ੍ਰਿਵੇਦੀ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਉਸ ਦੇ ਕਹਿਣ 'ਤੇ ਲੜਕੀ ਕੋਰਟ ਰੂਮ 'ਚ ਆ ਕੇ ਆਪਣੇ ਪਰਿਵਾਰ 'ਤੇ ਹੀ ਦੋਸ਼ ਲਾਉਂਦੀ ਹੈ। ਉਹ ਕਹਿੰਦੀ ਹੈ, 'ਮੇਰੇ ਪਰਿਵਾਰ ਨੇ ਮੈਨੂੰ ਪੜ੍ਹਾਈ ਨਹੀਂ ਕਰਨ ਦਿੱਤੀ, ਇਸ ਲਈ ਮੈਂ ਘਰੋਂ ਭੱਜ ਗਈ। ਮੈਂ ਬਨਾਰਸ ਜਾਣਾ ਹੈ। ਲੜਕੀ ਦੀ ਗੱਲ ਸੁਣਨ ਤੋਂ ਬਾਅਦ ਜੱਜ ਬੇਲਾ ਤ੍ਰਿਵੇਦੀ ਨੇ ਪੁੱਛਿਆ- ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅੱਜ ਇਸ ਕੇਸ ਦੀ ਸੁਣਵਾਈ ਹੋ ਰਹੀ ਹੈ? ਇਸ 'ਤੇ ਲੜਕੀ ਨੇ ਕਿਹਾ- ਦੋਸਤ ਨੇ ਦੱਸਿਆ ਸੀ ਪਰ ਮੈਂ ਤੁਹਾਨੂੰ ਇਸ ਬਾਰੇ ਕਿਵੇਂ ਦੱਸਾਂ? ਇਸ 'ਤੇ ਜੱਜ ਬੇਲਾ ਨੇ ਕਿਹਾ- ਇਹ ਦੋਸਤ ਕੌਣ ਹੈ, ਬੇਸ਼ੱਕ ਤੁਸੀਂ ਸਾਨੂੰ ਸਭ ਕੁਝ ਦੱਸੋ। 

ਇਹ ਪੂਰਾ ਮਾਮਲਾ ਮੱਧ ਪ੍ਰਦੇਸ਼ ਦੀ ਰਹਿਣ ਵਾਲੀ 20 ਸਾਲਾ ਲੜਕੀ ਨਾਲ ਸਬੰਧਤ ਹੈ, ਜੋ ਘਰੋਂ ਭੱਜ ਗਈ ਸੀ। ਉਸ ਨੂੰ ਡਰ ਸੀ ਕਿ ਪਰਿਵਾਰ ਉਸ ਨੂੰ ਮਾਰ ਦੇਵੇਗਾ। ਲੜਕੀ ਨੇ ਦੋਸ਼ ਲਾਇਆ ਸੀ ਕਿ ਉਸ ਦਾ ਭਰਾ ਉਸ ਦਾ ਪਿੱਛਾ ਕਰ ਰਿਹਾ ਸੀ। ਇਹ ਵੀ ਕਿਹਾ ਕਿ ਉਹ ਉਸ ਨੂੰ ਜ਼ਬਰਦਸਤੀ ਘਰ ਲੈ ਜਾਣਗੇ, ਪਰ ਉਹ ਜਾਣਾ ਨਹੀਂ ਚਾਹੁੰਦੀ। ਉਹ ਵਾਰਾਣਸੀ ਵਿਚ ਰਹਿੰਦੀ ਹੈ ਅਤੇ ਉੱਥੇ ਵਾਪਸ ਜਾਣਾ ਚਾਹੁੰਦੀ ਹੈ। 

ਦਰਅਸਲ ਲੜਕੀ ਦੇ ਘਰੋਂ ਭੱਜਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਕ ਨੌਜਵਾਨ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਨੌਜਵਾਨ 'ਤੇ ਦੋ ਲੜਕੀਆਂ ਨੂੰ ਅਗਵਾ ਕਰਨ ਦਾ ਦੋਸ਼ ਸੀ, ਜਿਨ੍ਹਾਂ 'ਚੋਂ ਇਕ ਫਰਾਰ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਮੁਲਜ਼ਮ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਸੀ, ਜਿਸ ਖ਼ਿਲਾਫ਼ ਇਹ ਨੌਜਵਾਨ ਸੁਪਰੀਮ ਕੋਰਟ ਪਹੁੰਚਿਆ ਸੀ। 

ਸੁਪਰੀਮ ਕੋਰਟ ਨੇ ਕਿਹਾ ਕਿ ਮੱਧ ਪ੍ਰਦੇਸ਼ ਹਾਈ ਕੋਰਟ ਨੇ ਮੁਲਜ਼ਮ ਦੀ ਜ਼ਮਾਨਤ ਰੱਦ ਕਰ ਦਿੱਤੀ ਕਿਉਂਕਿ ਉਹ ਜਾਂਚ ਵਿਚ ਸਹਿਯੋਗ ਨਹੀਂ ਦੇ ਰਿਹਾ ਸੀ ਅਤੇ ਬੁਲਾਏ ਜਾਣ ਦੇ ਬਾਵਜੂਦ ਜਾਂਚ ਅਧਿਕਾਰੀ ਨੂੰ ਜਵਾਬ ਨਹੀਂ ਦੇ ਰਿਹਾ ਸੀ। ਬੈਂਚ ਨੇ ਕਿਹਾ ਕਿ "ਅਸੀਂ ਹਾਈ ਕੋਰਟ ਦੇ ਹੁਕਮਾਂ ਵਿਚ ਦਖ਼ਲ ਨਹੀਂ ਦੇਵਾਂਗੇ, ਪਰ ਨਿਰਦੇਸ਼ ਦਿੰਦੇ ਹਾਂ ਕਿ ਦੋਸ਼ੀ ਦੋ ਦਿਨਾਂ ਦੇ ਅੰਦਰ ਆਤਮ ਸਮਰਪਣ ਕਰ ਦੇਣ। ਉਹ ਜ਼ਮਾਨਤ ਲਈ ਅਰਜ਼ੀ ਦੇ ਸਕਣਗੇ। ਨਾਲ ਹੀ, ਸਬੰਧਤ ਅਦਾਲਤ ਨੂੰ ਸਾਡੇ ਤੋਂ ਪ੍ਰਭਾਵਿਤ ਹੋਏ ਬਿਨਾਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ।  

ਕੋਰਟ ਨੇ ਇਹ ਵੀ ਕਿਹਾ ਕਿ ਲੜਕੀ ਨੇ ਸ਼ੰਕਾ ਜਤਾਈ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ, ਅਸੀਂ ਨਵੀਂ ਦਿੱਲੀ ਦੇ ਤਿਲਕ ਮਾਰਗ ਦੇ ਐਸਐਚਓ ਨੂੰ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਨਿਰਦੇਸ਼ ਦਿੰਦੇ ਹਾਂ। ਐਸਐਚਓ ਨੂੰ ਮੰਗਲਵਾਰ ਨੂੰ ਹੀ ਵਾਰਾਣਸੀ ਵਿਚ ਉਸ ਨੂੰ ਛੱਡਣ ਲਈ ਜ਼ਰੂਰੀ ਪ੍ਰਬੰਧ ਕਰਨੇ ਚਾਹੀਦੇ ਹਨ।