ਭਾਰਤੀ ਚੋਣਾਂ ’ਚ ਦਖਲ ਦੇਣ ਦੀ ਇਜ਼ਰਾਈਲੀ ਕੰਪਨੀ ਦੀ ਕੋਸ਼ਿਸ਼ ਰੋਕੀ: OpenAI

ਏਜੰਸੀ

ਖ਼ਬਰਾਂ, ਰਾਸ਼ਟਰੀ

ਇਜ਼ਰਾਈਲ ਦੀ ਸਿਆਸੀ ਮੁਹਿੰਮ ਪ੍ਰਬੰਧਨ ਫਰਮ STOIC ਨੇ ਗਾਜ਼ਾ ਸੰਘਰਸ਼ ਦੇ ਨਾਲ-ਨਾਲ ਭਾਰਤੀ ਚੋਣਾਂ ’ਤੇ ਕੁੱਝ ਸਮੱਗਰੀ ਤਿਆਰ ਕੀਤੀ

Representative Image.

ਨਵੀਂ ਦਿੱਲੀ: ChatGPT ਦੀ ਨਿਰਮਾਤਾ OpenAI ਨੇ ਕਿਹਾ ਹੈ ਕਿ ਉਸ ਨੇ ਭਾਰਤੀ ਚੋਣਾਂ ’ਤੇ ਕੇਂਦਰਿਤ ਗੁਪਤ ਮੁਹਿੰਮਾਂ ’ਚ ‘ਆਰਟੀਫਿਸ਼ੀਅਲ ਇੰਟੈਲੀਜੈਂਸ’ (AI) ਦੀ ਗੁਮਰਾਹਕੁੰਨ ਵਰਤੋਂ ਨੂੰ ਰੋਕਣ ਲਈ 24 ਘੰਟਿਆਂ ਦੇ ਅੰਦਰ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਇਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਕੋਈ ਮਹੱਤਵਪੂਰਨ ਵਾਧਾ ਨਹੀਂ ਹੋਇਆ। 

OpenAI ਨੇ ਅਪਣੀ ਵੈੱਬਸਾਈਟ ’ਤੇ ਇਕ ਰੀਪੋਰਟ ’ਚ ਕਿਹਾ ਕਿ ਇਜ਼ਰਾਈਲ ਦੀ ਸਿਆਸੀ ਮੁਹਿੰਮ ਪ੍ਰਬੰਧਨ ਫਰਮ STOIC ਨੇ ਗਾਜ਼ਾ ਸੰਘਰਸ਼ ਦੇ ਨਾਲ-ਨਾਲ ਭਾਰਤੀ ਚੋਣਾਂ ’ਤੇ ਕੁੱਝ ਸਮੱਗਰੀ ਤਿਆਰ ਕੀਤੀ। 

ਇਸ ’ਚ ਕਿਹਾ ਗਿਆ ਹੈ, ‘‘ਮਈ ’ਚ ਨੈੱਟਵਰਕ ਨੇ ਸੱਤਾਧਾਰੀ ਭਾਜਪਾ ਦੀ ਆਲੋਚਨਾ ਕਰਦੇ ਹੋਏ ਅਤੇ ਵਿਰੋਧੀ ਕਾਂਗਰਸ ਪਾਰਟੀ ਦੀ ਪ੍ਰਸ਼ੰਸਾ ਕਰਦੇ ਹੋਏ ਭਾਰਤ ਕੇਂਦਰਿਤ ਟਿਪਣੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਸਨ।’’ ਰੀਪੋਰਟ ’ਚ ਕਿਹਾ ਕਿ ਅਸੀਂ ਮਈ ’ਚ ਭਾਰਤੀ ਚੋਣਾਂ ਸ਼ੁਰੂ ਹੋਣ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਉਨ੍ਹਾਂ ਨਾਲ ਜੁੜੀਆਂ ਕੁੱਝ ਗਤੀਵਿਧੀਆਂ ’ਚ ਵਿਘਨ ਪਾਇਆ ਸੀ।’’ 

OpenAI ਨੇ ਕਿਹਾ ਕਿ ਉਸ ਨੇ ਇਜ਼ਰਾਈਲ ਤੋਂ ਸੰਚਾਲਿਤ ਖਾਤਿਆਂ ਦੇ ਸਮੂਹ ’ਤੇ ਪਾਬੰਦੀ ਲਗਾ ਦਿਤੀ ਹੈ ਜੋ ਐਕਸ, ਫੇਸਬੁੱਕ, ਇੰਸਟਾਗ੍ਰਾਮ, ਹੋਰ ਵੈਬਸਾਈਟਾਂ ਅਤੇ ਯੂਟਿਊਬ ’ਤੇ ਫੈਲੀ ਪ੍ਰਭਾਵਸ਼ਾਲੀ ਮੁਹਿੰਮ ਲਈ ਸਮੱਗਰੀ ਬਣਾਉਣ ਅਤੇ ਸੰਪਾਦਿਤ ਕਰਨ ਲਈ ਵਰਤੇ ਜਾ ਰਹੇ ਸਨ। 

ਇਸ ’ਚ ਕਿਹਾ ਗਿਆ ਹੈ, ‘‘ਇਸ ਮੁਹਿੰਮ ਰਾਹੀਂ ਕੈਨੇਡਾ, ਅਮਰੀਕਾ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਅੰਗਰੇਜ਼ੀ ਅਤੇ ਇਬਰਾਨੀ ਭਾਸ਼ਾ ਵਿਚ ਸਮੱਗਰੀ ਰਾਹੀਂ ਨਿਸ਼ਾਨਾ ਬਣਾਇਆ ਗਿਆ। ਮਈ ਦੇ ਸ਼ੁਰੂ ’ਚ, ਇਸਨੇ ਅੰਗਰੇਜ਼ੀ ਭਾਸ਼ਾ ਦੀ ਸਮੱਗਰੀ ਰਾਹੀਂ ਭਾਰਤ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ।’’ ਇਸ ’ਚ ਵਿਸਥਾਰ ਨਾਲ ਕੁਝ ਨਹੀਂ ਦਸਿਆ ਗਿਆ ਹੈ।

ਰੀਪੋਰਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਭਾਜਪਾ ਕੁੱਝ ਭਾਰਤੀ ਸਿਆਸੀ ਪਾਰਟੀਆਂ ਵਲੋਂ ਜਾਂ ਉਨ੍ਹਾਂ ਦੀ ਤਰਫੋਂ ਕੀਤੀਆਂ ਗਈਆਂ ਮੁਹਿੰਮਾਂ, ਗਲਤ ਜਾਣਕਾਰੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਨਿਸ਼ਾਨਾ ਸੀ ਅਤੇ ਹੈ।’’ 

ਉਨ੍ਹਾਂ ਕਿਹਾ, ‘‘ਇਹ ਸਾਡੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਇਹ ਸਪੱਸ਼ਟ ਹੈ ਕਿ ਭਾਰਤ ਅਤੇ ਬਾਹਰ ਦੇ ਨਿੱਜੀ ਹਿੱਤ ਇਸ ਨੂੰ ਉਤਸ਼ਾਹਤ ਕਰ ਰਹੇ ਹਨ ਅਤੇ ਇਸ ਦੀ ਪੂਰੀ ਜਾਂਚ ਅਤੇ ਪਰਦਾਫਾਸ਼ ਕਰਨ ਦੀ ਜ਼ਰੂਰਤ ਹੈ। ਇਸ ਬਿੰਦੂ ’ਤੇ ਮੇਰਾ ਵਿਚਾਰ ਇਹ ਹੈ ਕਿ ਇਹ ਪਲੇਟਫਾਰਮ ਇਸ ਨੂੰ ਬਹੁਤ ਪਹਿਲਾਂ ਜਾਰੀ ਕਰ ਸਕਦੇ ਸਨ।’’ 

OpenAI ਨੇ ਕਿਹਾ ਕਿ ਉਹ ਸੁਰੱਖਿਅਤ ਅਤੇ ਵਿਆਪਕ ਤੌਰ ’ਤੇ ਲਾਭਕਾਰੀ ਏਆਈ ਵਿਕਸਤ ਕਰਨ ਲਈ ਵਚਨਬੱਧ ਹੈ। ਇਸ ਨੇ ਕਿਹਾ ਕਿ ਇਹ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਜੋ ਦੁਰਵਰਤੋਂ ਨੂੰ ਰੋਕਦੀਆਂ ਹਨ ਅਤੇ AI ਦੀ ਮਦਦ ਨਾਲ ਬਣਾਈ ਗਈ ਸਮੱਗਰੀ ਬਾਰੇ ਪਾਰਦਰਸ਼ਤਾ ਲਿਆਉਂਦੀਆਂ ਹਨ।