ਦਿੱਲੀ ਸਰਕਾਰ ਨੇ ਡੀਜ਼ਲ 'ਤੇ ਵੈਟ ਘਟਾਇਆ, 8.36 ਰੁਪਏ ਸਸਤਾ ਹੋਇਆ
ਦਿੱਲੀ ਸਰਕਾਰ ਨੇ ਡੀਜ਼ਲ 'ਤੇ ਵੈਟ ਦੀ ਦਰ ਨੂੰ 30 ਫ਼ੀ ਸਦੀ ਤੋਂ ਘਟਾ ਕੇ 16.75 ਫ਼ੀ ਸਦੀ ਕਰ ਦਿਤਾ ਹੈ
ਨਵੀਂ ਦਿੱਲੀ, 30 ਜੁਲਾਈ (ਅਮਨਦੀਪ ਸਿੰਘ) : ਦਿੱਲੀ ਸਰਕਾਰ ਨੇ ਡੀਜ਼ਲ 'ਤੇ ਵੈਟ ਦੀ ਦਰ ਨੂੰ 30 ਫ਼ੀ ਸਦੀ ਤੋਂ ਘਟਾ ਕੇ 16.75 ਫ਼ੀ ਸਦੀ ਕਰ ਦਿਤਾ ਹੈ ਜਿਸ ਨਾਲ ਰਾਜਧਾਨੀ ਵਿਚ ਡੀਜ਼ਲ 8.36 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਕੋਰੋਨਾ ਵਾਇਰਸ ਕਾਰਨ ਮੰਦੀ ਦੀ ਮਾਰ ਝੱਲ ਰਹੀ ਅਰਥਵਿਵਸਥਾ ਨੂੰ ਉਭਾਰਨ ਵਿਚ ਮਦਦ ਮਿਲੇਗੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਕੇਜਰੀਵਾਲ ਨੇ ਦਸਿਆ ਕਿ ਵੈਟ ਵਿਚ ਕਟੌਤੀ ਮਗਰੋਂ ਡੀਜ਼ਲ ਦੀ ਕੀਮਤ 8.36 ਰੁਪਏ ਪ੍ਰਤੀ ਲਿਟਰ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਕਟੌਤੀ ਮਗਰੋਂ ਦਿੱਲੀ ਵਿਚ ਡੀਜ਼ਲ ਦੀ ਕੀਮਤ 82 ਰੁਪਏ ਪ੍ਰਤੀ ਲਿਟਰ ਤੋਂ ਘੱਟ ਕੇ 73.64 ਰੁਪਏ ਪ੍ਰਤੀ ਲਿਟਰ ਰਹਿ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਵਪਾਰੀ ਅਤੇ ਉਦਯੋਗਪਤੀ ਡੀਜ਼ਲ 'ਤੇ ਵੈਟ ਵਿਚ ਕਟੌਤੀ ਦੀ ਮੰਗ ਕਰ ਰਹੇ ਸਨ। ਮਈ ਵਿਚ ਦਿੱਲੀ ਸਰਕਾਰ ਨੇ ਪਟਰੌਲ ਅਤੇ ਡੀਜ਼ਲ 'ਤੇ ਵੈਟ ਦੀ ਦਰ ਨੂੰ ਵਧਾ ਕੇ 30 ਫ਼ੀ ਸਦੀ ਕਰ ਦਿਤਾ ਸੀ ਜਿਸ ਨਾਲ ਪਟਰੌਲ ਦੀ ਕੀਮਤ 1.67 ਰੁਪਏ ਪ੍ਰਤੀ ਲਿਟਰ ਵਧੀ ਸੀ ਅਤੇ ਡੀਜ਼ਲ 7.10 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ ਸੀ। ਕੇਜਰੀਵਾਲ ਨੇ ਕਿਹਾ ਕਿ ਅਰਥਚਾਰੇ ਨੂੰ ਉਭਾਰਨਾ ਵੱਡੀ ਚੁਨੌਤੀ ਹੈ ਪਰ ਦਿੱਲੀ ਦੇ ਦੋ ਕਰੋੜ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਸ ਚੁਨੌਤੀ ਨੂੰ ਪਾਰ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਵਾਇਰਸ ਦੀ ਲਾਗ ਦੇ ਪਸਾਰ ਨੂੰ ਰੋਕਣ ਵਿਚ ਸਹਿਯੋਗ ਕੀਤਾ ਹੈ।