ਭਾਰਤ ਦੇ ਵਿਕਾਸ ਸਹਿਯੋਗ ਵਿਚ ਕੋਈ ਵੀ ਸ਼ਰਤ ਸ਼ਾਮਲ ਨਹੀਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਸਹਿਯੋਗ ਵਿਚ ਕੋਈ ਵੀ ਸ਼ਰਤ ਸ਼ਾਮਲ ਨਹੀਂ ਹੁੰਦੀ

Modi

ਨਵੀਂ ਦਿੱਲੀ, 30 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਸਹਿਯੋਗ ਵਿਚ ਕੋਈ ਵੀ ਸ਼ਰਤ ਸ਼ਾਮਲ ਨਹੀਂ ਹੁੰਦੀ ਅਤੇ ਨਾ ਹੀ ਕੋਈ ਰਾਜਸੀ ਜਾਂ ਵਪਾਰਕ ਹਿੱਤ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਕਾਸ ਸਹਿਯੋਗ ਦਾ ਮੁੱਖ ਸਿਧਾਂਤ ਸਾਡੇ ਭਾਈਵਾਲਾਂ ਦਾ ਸਨਮਾਨ, ਵੰਨ-ਸੁਵੰਨਤਾ, ਭਵਿੱਖ ਲਈ ਚਿੰਤਾ ਅਤੇ 100 ਫ਼ੀ ਸਦੀ ਵਿਕਾਸ ਦੀਆਂ ਅਹਿਮ ਕਦਰਾਂ-ਕੀਮਤਾਂ 'ਤੇ ਟਿਕਿਆ ਹੈ।

ਮੋਦੀ ਨੇ ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨਾਲ ਵੀਰਵਾਰ ਨੂੰ ਪੋਰਟ ਲੂਈ ਵਿਚ ਸਾਂਝੇ ਰੂਪ ਵਿਚ ਮਾਰੀਸ਼ਸ਼ ਦੇ ਸੁਪਰੀਮ ਕੋਰਟ ਦੇ ਨਵੇਂ ਭਵਨ ਦੇ ਉਦਘਾਟਨ ਦੌਰਾਨ ਇਹ ਗੱਲਾਂ ਕਹੀਆਂ। ਵੀਡੀਉ ਕਾਨਫ਼ਰੰਸ ਜ਼ਰੀਏ ਕੀਤੇ ਗਏ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਵਿਕਾਸ ਪ੍ਰਤੀ ਭਾਰਤ ਦਾ ਨਜ਼ਰੀਆ ਇਨਸਾਨ ਕੇਂਦਰਤ ਹੈ। ਅਸੀਂ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਾਂ।'

ਮੋਦੀ ਨੇ ਕਿਹਾ ਕਿ ਆਧੁਨਿਕ ਡਿਜ਼ਾਈਨ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨਵਾਂ ਸੁਪਰੀਮ ਕੋਰਟ ਭਵਨ ਮਾਰੀਸ਼ਸ਼ ਨਿਆਂਪਾਲਿਕਾ ਲਈ ਢੁਕਵਾਂ ਮੌਕਾ ਅਤੇ ਤਾਲਮੇਲ ਨਾਲ ਭਾਰਤ ਅਤੇ ਮਾਰੀਸ਼ਸ਼ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਵੀ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ,'ਭਾਰਤ ਅਤੇ ਮਾਰੀਸ਼ਸ਼ ਆਜ਼ਾਦ ਨਿਆਂਪਾਲਿਕਾ ਦਾ ਸਾਡੀ ਜਮਹੂਰੀ ਪ੍ਰਣਾਲੀ ਦੇ ਅਹਿਮ ਸਤੰਭ ਵਜੋਂ ਸਨਮਾਨ ਕਰਦੇ ਹਨ।' ਮੋਦੀ ਨੇ ਕਿਹਾ ਕਿ ਇਤਿਹਾਸ ਸਾਨੂੰ ਦਸਦਾ ਹੈ ਕਿ ਵਿਕਾਸ ਗਠਜੋੜ ਦੇ ਨਾਮ 'ਤੇ ਦੇਸ਼ਾਂ ਨੂੰ ਨਿਰਭਰਤਾ ਵਾਲੇ ਗਠਜੋੜ ਲਈ ਮਜਬੂਰ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਵਿਕਾਸ ਭਾਈਵਾਲੀ ਦਾ ਭਾਰਤ ਦਾ ਪ੍ਰਮੁੱਖ ਸਿਧਾਂਤ ਭਾਈਵਾਲਾਂ ਦਾ ਸਨਮਾਨ ਹੈ। ਉਨ੍ਹਾਂ ਕਿਹਾ, 'ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਦੇਸ਼ਭਗਤੀ ਵਿਚ ਮਾਨਵਤਾ ਦੀ ਭਲਾਈ ਸ਼ਾਮਲ ਹੈ। ਇਸ ਲਈ ਭਾਰਤ ਦੀ ਮੇਰੀ ਸੇਵਾ ਵਿਚ ਮਾਨਵਤਾ ਦੀ ਸੇਵਾ ਸ਼ਾਮਲ ਹੈ। ਇਹ ਭਾਰਤ ਲਈ ਮਾਰਗਦਰਸ਼ਕ ਦਰਸ਼ਨ ਹੈ। (ਏਜੰਸੀ)