ਰਾਜਸਥਾਨ ਵਿਧਾਨ ਸਭਾ ਦਾ ਇਜਲਾਸ 14 ਅਗੱਸਤ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਹੁਕਮ ਜਾਰੀ ਕਰ ਕੇ 15ਵੀਂ ਰਾਜਸਥਾਨ ਵਿਧਾਨ ਸਭਾ ਦਾ ਪੰਜਵਾਂ ਇਜਲਾਸ ਸ਼ੁਕਰਵਾਰ

Ashok Ghelot

ਨਵੀਂ ਦਿੱਲੀ, 30 ਜੁਲਾਈ : ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਹੁਕਮ ਜਾਰੀ ਕਰ ਕੇ 15ਵੀਂ ਰਾਜਸਥਾਨ ਵਿਧਾਨ ਸਭਾ ਦਾ ਪੰਜਵਾਂ ਇਜਲਾਸ ਸ਼ੁਕਰਵਾਰ 14 ਅਗੱਸਤ ਤੋਂ ਸਵੇਰੇ 11 ਵਜੇ ਬੁਲਾਇਆ ਹੈ। ਰਾਜਸਥਾਨ ਵਿਧਾਨ ਸਭਾ ਸਕੱਤਰੇਤ ਮੁਤਾਬਕ ਇਸ ਬਾਰੇ ਸਕੱਤਰ ਪ੍ਰਮਿਲ ਕੁਮਾਰ ਮਾਥੁਰ ਦੁਆਰਾ ਰਾਜਸਥਾਨ ਰਾਜਪੱਤਰ ਵਿਚ ਨੋਟੀਫ਼ੀਕੇਸ਼ਨ ਪ੍ਰਕਾਸ਼ਤ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਰਾਜਪਾਲ ਨੂੰ ਤਿੰਨ ਵਾਰ ਮਤਾ ਭੇਜ ਕੇ ਮੰਗ ਕੀਤੀ ਸੀ ਕਿ ਵਿਧਾਨ ਸਭਾ ਦਾ ਇਜਲਾਸ ਛੇਤੀ ਤੋਂ ਛੇਤੀ ਬੁਲਾਇਆ ਜਾਵੇ ਪਰ ਰਾਜਪਾਲ ਨੇ ਕੁੱਝ ਇਤਰਾਜ਼ ਲਾ ਕੇ ਤਿੰਨ ਵਾਰ ਫ਼ਾਈਲ ਮੋੜ ਦਿਤੀ ਸੀ। ਇਜਲਾਸ ਬੁਲਾਉਣ ਸਬੰਧੀ ਨੋਟੀਫ਼ੀਕੇਸ਼ਨ ਕਲ  ਦੇਰ ਰਾਤ ਜਾਰੀ ਕੀਤਾ ਗਿਆ ਸੀ। ਉਧਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਕਿ ਕਲ ਰਾਤ ਤੋਂ ਜਦ ਤੋਂ ਵਿਧਾਨ ਸਭਾ ਇਜਲਾਸ ਬੁਲਾਉਣ ਦੀ ਤਰੀਕ 14 ਅਗੱਸਤ ਤੈਅ ਹੋਈ ਹੈ, ਤਦ ਤੋਂ ਰਾਜ ਵਿਚ ਖ਼ਰੀਦੋ-ਫ਼ਰੋਖ਼ਤ ਦਾ ਰੇਟ ਵੱਧ ਗਿਆ ਹੈ।

ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਕਲ ਰਾਤ ਵਿਧਾਨ ਸਭਾ ਇਜਲਾਸ ਬੁਲਾਉਣ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਰਾਜਸਥਾਨ ਵਿਚ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਰੇਟ ਵੱਧ ਗਿਆ ਹੈ। ਸਾਰੇ ਲੋਕ ਜਾਣਦੇ ਹਨ ਕਿ ਕਿਹੜੇ ਲੋਕ ਖ਼ਰੀਦੋ-ਫ਼ਰੋਖ਼ਤ ਕਰ ਰਹੇ ਹਨ।' ਗਹਿਲੋਤ ਨੇ ਬਸਪਾ ਮੁਖੀ ਮਾਇਆਵਤੀ 'ਤੇ ਹਮਲਾ ਕਰਦਿਆਂ ਆਖਿਆ ਕਿ ਉਹ ਮਜਬੂਰੀ ਵਿਚ ਬਿਆਨ ਦੇ ਰਹੀ ਹੈ। ਉਸ ਦੀ ਸ਼ਿਕਾਇਤ ਵਾਜਬ ਨਹੀਂ। ਬਸਪਾ ਵਿਧਾਇਕ ਅਪਣੀ ਸਮਝ ਮੁਤਾਬਕ ਕਾਂਗਰਸ ਵਿਚ ਸ਼ਾਮਲ ਹੋਏ ਹਨ। (ਏਜੰਸੀ)