ਰਾਜ ਸਭਾ ਮੈਂਬਰਾਂ ਦੀ ਬੈਠਕ ਵਿਚ ਰਾਹੁਲ ਨੂੰ ਮੁੜ ਪ੍ਰਧਾਨ ਬਣਾਉਣ ਦੀ ਜ਼ੋਰਦਾਰ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਨੀਆ ਨੇ ਕੀਤੀ ਬੈਠਕ, ਰਾਜਸੀ ਹਾਲਾਤ ਬਾਰੇ ਚਰਚਾ

Sonia Gandhi, Rahul Gandhi, Manmohan Singh

ਨਵੀਂ ਦਿੱਲੀ, 30 ਜੁਲਾਈ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਰਾਜ ਸਭਾ ਮੈਂਬਰਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਬੈਠਕ ਕੀਤੀ ਜਿਸ ਵਿਚ ਮੌਜੂਦਾ ਰਾਜਸੀ ਹਾਲਾਤ ਅਤੇ ਹੋਰ ਮੁੱਦਿਆਂ ਬਾਰੇ ਚਰਚਾ ਕੀਤੀ ਗਈ।  ਬੈਠਕ ਵਿਚ ਕਈ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਮੰਗ ਕੀਤੀ। ਸੂਤਰਾਂ ਮੁਤਾਬਕ ਬੈਠਕ ਵਿਚ ਰਿਪੁਨ ਬੋਰਾ, ਪੀ ਐਲ ਪੂਨੀਆ, ਛਾਇਆ ਵਰਮਾ ਅਤੇ ਕੁੱਝ ਹੋਰ ਮੈਂਬਰਾਂ ਨੇ ਰਾਹੁਲ ਨੂੰ ਮੁੜ ਪਾਰਟੀ ਦੀ ਕਮਾਨ ਸੌਂਪਣ ਦੀ ਪੈਰਵੀ ਕੀਤੀ।

ਸੂਤਰਾਂ ਨੇ ਦਸਿਆ, 'ਬੋਰਾ, ਛਾਇਆ ਵਰਮਾ ਅਤੇ ਕੁੱਝ ਹੋਰ ਮੈਂਬਰਾਂ ਨੇ ਕਿਹਾ ਕਿ ਇਸ ਵੇਲੇ ਪਾਰਟੀ ਕਾਰਕੁਨਾਂ ਦੀ ਭਾਵਨਾ ਹੈ ਕਿ ਰਾਹੁਲ ਨੂੰ ਮੁੜ ਕਾਂਗਰਸ ਪ੍ਰਧਾਨ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਹੀ ਵਿਰੋਧੀ ਧਿਰ ਵਿਚ ਇਕਲੌਤੀ ਆਵਾਜ਼ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਨੌਤੀ ਦੇ ਰਹੇ ਹਨ।'
ਸੂਤਰਾਂ ਦਾ ਕਹਿਣਾ ਸੀ ਕਿ ਪਾਰਟੀ ਦੇ ਕਈ ਰਾਜ ਸਭਾ ਮੈਂਬਰਾਂ ਦੀ ਇਸ ਮੰਗ 'ਤੇ ਸੋਨੀਆ ਗਾਂਧੀ ਦਾ ਕੋਈ ਪ੍ਰਤੀਕਰਮ ਨਹੀਂ ਆਇਆ।

ਬੀਤੀ 11 ਜੁਲਾਈ ਨੂੰ ਸੋਨੀਆ ਨੇ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨਾਲ ਡਿਜੀਟਲ ਬੈਠਕ ਕੀਤੀ ਸੀ ਜਿਸ ਵਿਚ ਕਈ ਸੰਸਦ ਮੈਂਬਰਾਂ ਨੇ ਰਾਹੁਲ ਨੂੰ ਮੁੜ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਦੀ ਮੰਗ ਕੀਤੀ ਸੀ।  ਸੂਤਰਾਂ ਮੁਤਾਬਕ ਸੋਨੀਆ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ, ਕੇ ਸੀ ਵੇਣੂਗੋਪਾਲ, ਅਹਿਮਦ ਪਟੇਲ, ਦਿਗਵਿਜੇ ਸਿੰਘ, ਜੈਰਾਮ ਰਮੇਸ਼ ਅਤੇ ਕਈ ਹੋਰ ਰਾਜ ਸਭਾ ਮੈਂਬਰ ਮੌਜੂਦ ਸਨ।

ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਹਾਲਾਤ, ਰਾਜਸਥਾਨ ਦੇ ਰਾਜਸੀ ਸੰਕਟ, ਚੀਨ ਨਾਲ ਵਿਵਾਦ ਅਤੇ ਅਰਥਚਾਰੇ ਦੀ ਹਾਲਤ ਬਾਰੇ ਚਰਚਾ ਕੀਤੀ ਗਈ। ਰਾਜ ਸਭਾ ਵਿਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 40 ਹੈ ਜਦਕਿ ਲੋਕ ਸਭਾ ਵਿਚ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ 52 ਹੈ।      (ਏਜੰਸੀ)  

ਸੋਨੀਆ ਗਾਂਧੀ ਦੀ ਤਬੀਅਤ ਵਿਗੜੀ, ਹਸਪਤਾਲ ਦਾਖ਼ਲ
 ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਅੱਜ ਦੇਰ ਸ਼ਾਮ ਸਰ ਗੰਗਾ ਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਅਨੁਸਾਰ ਹਸਪਤਾਲ 'ਚ ਸੋਨੀਆ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਰੁਟੀਨ ਚੈੱਕਅਪ ਵਾਸਤੇ ਹੀ ਹਸਪਤਾਲ ਭਰਤੀ ਹੋਏ ਹਨ।         (ਏਜੰਸੀ)