ਹਿਮਾਚਲ ਪ੍ਰਦੇਸ਼: ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

Chandigarh-Manali National Highway closed due to landslide

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ ਮਚ ਗਈ ਹੈ। ਜ਼ਮੀਨ ਖਿਸਕਣ ਕਾਰਨ ਰਾਜ ਵਿੱਚ ਕਈ ਥਾਵਾਂ 'ਤੇ ਸੜਕਾਂ ਬੰਦ ਹਨ, ਮੰਡੀ ਜ਼ਿਲ੍ਹੇ ਵਿੱਚ ਚੰਡੀਗੜ੍ਹ-ਮਨਾਲੀ ਕੌਮੀ ਮਾਰਗ -3 ਬੰਦ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਮਕਾਨ ਢਹਿ ਜਾਣ ਦੀਆਂ ਖਬਰਾਂ ਵੀ ਆਈਆਂ ਹਨ। 

ਮਿਲੀ ਜਾਣਕਾਰੀ ਅਨੁਸਾਰ ਮੰਡੀ ਜ਼ਿਲ੍ਹੇ ਦੇ ਪੰਡੋਹ ਇਲਾਕੇ ਨੇੜੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ -3 ਅਸਥਾਈ ਤੌਰ ’ਤੇ ਬੰਦ ਹੈ। ਮੰਡੀ ਪੁਲਿਸ ਦਾ ਕਹਿਣਾ ਹੈ ਕਿ ਹਾਈਵੇ ਦੀ ਬਹਾਲੀ ਦਾ ਕੰਮ ਚੱਲ ਰਿਹਾ ਹੈ।

ਮੰਡੀ ਦੀ ਪੁਲਿਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਦਾ ਕਹਿਣਾ ਹੈ ਕਿ ਹਾਈਵੇ ਬੀਤੀ ਰਾਤ ਤੋਂ ਬੰਦ ਹੈ। ਪੱਥਰ ਦੀ ਚਪੇਟ ਵਿਚ ਆਉਣ ਨਾਲ ਸੜਕ 'ਤੇ ਖੜ੍ਹਾ ਇਕ ਵਾਹਨ ਵੀ ਨੁਕਸਾਨਿਆ ਗਿਆ। 

ਰਾਜਧਾਨੀ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਲਈ ਪੁਲਿਸ ਨੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਸੈਲਾਨੀਆਂ ਨੂੰ ਮੌਸਮ ਵਿਭਾਗ ਦੁਆਰਾ ਜਾਰੀ ਸਲਾਹ ਦੇ ਬਾਅਦ ਹੀ ਸ਼ਿਮਲਾ ਆਉਣਾ ਚਾਹੀਦਾ ਹੈ। ਪੁਲਿਸ ਨੇ ਲੋਕਾਂ ਨੂੰ ਇਸ ਸਮੇਂ ਦੌਰਾਨ ਪਹਾੜੀ ਦੇ ਨਾਲ ਆਪਣੇ ਵਾਹਨ ਨਾ ਖੜ੍ਹੇ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।