ਹਰਿਆਣਾ : ਨੂੰਹ ’ਚ ਧਾਰਮਕ ਜਲੂਸ ’ਤੇ ਪੱਥਰਬਾਜ਼ੀ ਮਗਰੋਂ ਭੜਕੀ ਹਿੰਸਾ, ਹੋਮਗਾਰਡ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਲਾਜ਼ਮਾਂ ਸਮੇਤ 20 ਜਣੇ ਜ਼ਖ਼ਮੀ

Violence occurred during religious pilgrimage in Haryana's Noah

ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਨਾਲ ਲਗਦੇ ਨੂੰਹ ਜ਼ਿਲ੍ਹੇ ’ਚ ਅੱਜ ਕੁਝ ਨੌਜੁਆਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਇਕ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਹਿੰਸਾ ਭੜਕ ਗਈ। ਇਹ ਹਿੰਸਾ ਹਰਿਆਣਾ ਦੇ ਗੁੜਗਾਉਂ, ਫ਼ਰੀਦਾਬਾਦ, ਸੋਹਨਾ ਅਤੇ ਪਲਵਲ ਜ਼ਿਲ੍ਹਿਆਂ ’ਚ ਵੀ ਫੈਲਣ ਦੀਆਂ ਖ਼ਬਰਾਂ ਹਨ। ਪੁਲਿਸ ਨੇ ਕਿਹਾ ਕਿ ਹਿੰਸਾ ਦੌਰਾਨ ਇਕ ਹੋਮਗਾਰਡ ਦਾ ਗੋਲੀ ਮਾਰ ਕੇ ਕਤਲ ਵੀ ਕਰ ਦਿਤਾ ਗਿਆ। 

ਪੁਲਿਸ ਮੁਤਾਬਕ ਨੂੰਹ ਦੇ ਖੇਡਲਾ ਮੋੜ ਨੇੜੇ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਨੂੰ ਨੌਜੁਆਨਾਂ ਦੇ ਇਕ ਸਮੂਹ ਨੇ ਰੋਕ ਲਿਆ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਜਲੂਸ ’ਚ ਸ਼ਾਮਲ ‘ਇਕ ਜਾਂ ਦੋ ਕਾਰਾਂ’ ਨੂੰ ਵੀ ਅੱਗ ਲਗਾ ਦਿਤੀ ਗਈ ਸੀ। ਜਲੂਸ ’ਚ ਸ਼ਾਮਲ ਲੋਕਾਂ ਨੇ ਵੀ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਰੋਕਣ ਵਾਲੇ ਨੌਜੁਆਨਾਂ ’ਤੇ ਪੱਥਰਬਾਜ਼ੀ ਕੀਤੀ। ਹਿੰਸਾ ਦੌਰਾਨ 20 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।  ਹਿੰਸਾ ਤੋਂ ਬਚਣ ਲਈ 2500 ਦੇ ਕਰੀਬ ਮਰਦ, ਔਰਤਾਂ ਅਤੇ ਬੱਚਿਆਂ ਨੂੰ ਇਕ ਮੰਦਰ ’ਚ ਸ਼ਰਨ ਲੈਣੀ ਪਈ। 

ਮੁਸਲਿਮ ਬਹੁਗਿਣਤੀ ਨੂੰਹ ’ਚ ਹਿੰਸਾ ਦੀ ਖ਼ਬਰ ਫੈਲਦਿਆਂ ਹੀ ਨੇੜਲੇ ਗੁਰੂਗ੍ਰਾਮ ਜ਼ਿਲ੍ਹੇ ਸੋਹਨਾ ’ਚ ਮੁਸਲਮਾਨਾਂ ਦੀ ਭੀੜ ਨੇ ਚਾਰ ਗੱਡੀਆਂ ਨੂੰ ਅਤੇ ਇਕ ਦੁਕਾਨ ਨੂੰ ਅੱਗ ਲਾ ਦਿਤੀ। ਪ੍ਰਦਰਸ਼ਨਕਾਰੀਆਂ ਨੇ ਇਕ ਸੜਕ ’ਤੇ ਕਈ ਘੰਟੇ ਜਾਮ ਲਾਈ ਰਖਿਆ। 

ਦੋਹਾਂ ਧਿਰਾਂ ਵਿਚਕਾਰ ਪੱਥਰਬਾਜ਼ੀ ਦੌਰਾਨ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਇਲਾਕੇ ’ਚ ਪਾਬੰਦੀ ਦੇ ਹੁਕਮ ਲਾਗੂ ਕਰਦਿਆਂ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿਤੀ। ਤਣਾਅਪੂਰਨ ਸਥਿਤੀ ਨੂੰ ਵੇਖਦੇ ਹੋਏ ਇਲਾਕੇ ’ਚ ਇੰਟਰਨੈੱਟ ਸੇਵਾ ਬੁਧਵਾਰ ਤਕ ਮੁਅੱਤਲ ਕਰ ਦਿਤੀ ਗਈ ਹੈ। ਹੋਰ ਇਲਾਕਿਆਂ ਤੋਂ ਵੀ ਪੁਲਿਸ ਫੋਰਸ ਬੁਲਾ ਲਈ ਗਈ ਹੈ। ਨੀਮ ਫ਼ੌਜੀ ਦਸਤਿਆਂ ਦੀਆਂ ਤਿੰਨ ਕੰਪਨੀਆਂ ਹਿੰਸਾ ਪ੍ਰਭਾਵਤ ਇਲਾਕਿਆਂ ’ਚ ਭੇਜਿਆ ਗਿਆ ਹੈ।

ਜਲਾਭਿਸ਼ੇਕ ਯਾਤਰਾ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਪ੍ਰਧਾਨ ਗਾਰਗੀ ਕੱਕੜ ਨੇ ਸਿਵਲ ਲਾਈਨ, ਗੁਰੂਗ੍ਰਾਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਲੂਸ ਦੇ ਨਾਲ ਪੁਲਿਸ ਦੀ ਟੁਕੜੀ ਵੀ ਤਾਇਨਾਤ ਸੀ। 

ਕੁਝ ਦਾਅਵਿਆਂ ਦੇ ਅਨੁਸਾਰ, ਝੜਪ ਦਾ ਕਾਰਨ ਬੱਲਭਗੜ੍ਹ ਵਿਚ ਬਜਰੰਗ ਦਲ ਦੇ ਇਕ ਵਰਕਰ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਇਕ ਕਥਿਤ ਇਤਰਾਜ਼ਯੋਗ ਵੀਡੀਓ ਸੀ। ਅਜਿਹੀਆਂ ਖ਼ਬਰਾਂ ਸਨ ਕਿ ਰਾਜਸਥਾਨ ’ਚ ਦੋ ਮੁਸਲਮਾਨਾਂ ਦਾ ਕਤਲ ਕਰਨ ’ਚ ਲੋੜੀਂਦੇ ਗਊ ਰਕਸ਼ਕ ਮੋਨੂ ਮਾਨੇਸਰ ਨੇ ਵੀ ਜਲੂਸ ’ਚ ਸ਼ਾਮਲ ਹੋਣਾ ਸੀ, ਜਿਸ ਨੂੰ ਹਿੰਸਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।  

ਥਾਣਾ ਨੂੰਹ ਦੇ ਐਸ.ਐਚ.ਉ. ਹੁਕਮ ਸਿੰਘ ਨੇ ਦਸਿਆ ਕਿ ਇਲਾਕੇ ’ਚ ਸਥਿਤੀ ਸਥਿਰ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਹਿੰਸਾ ਨੂੰ ਰੋਕਣ ਗੁਆਂਢੀ ਸੂਬਿਆਂ ਤੋਂ ਵਾਧੂ ਫੋਰਸ ਮੰਗਵਾਈ ਗਈ ਹੈ। ਉਨ੍ਹਾਂ ਕਿਹਾ, ‘‘ਹੈਲੀਕਾਪਟਰ ਜ਼ਰੀਏ ਹੋਰ ਸੁਰਖਿਆ ਮੁਲਾਜ਼ਮ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ।’’ ਉਨ੍ਹਾਂ ਸਾਰਿਆਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ।