West Bengal News: ਪਛਮੀ ਬੰਗਾਲ ਦੇ ਨਿਊ ਜਲਪਾਈਗੁੜੀ ’ਚ ਮਾਲ ਗੱਡੀ ਪਟੜੀ ਤੋਂ ਉਤਰੀ, ਕੋਈ ਜਾਨੀ ਨੁਕਸਾਨ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

West Bengal News: ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ

A freight train derailed in New Jalpaiguri, West Bengal

 

West Bengal News: ਪਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਰੇਲਵੇ ਡਿਵੀਜ਼ਨ ਦੇ ਰੰਗਾਪਾਣੀ ਸਟੇਸ਼ਨ ਨੇੜੇ ਬੁਧਵਾਰ ਨੂੰ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਉੱਤਰ-ਪੂਰਬੀ ਸਰਹੱਦੀ ਰੇਲਵੇ (ਐੱਨ.ਐੱਫ.ਆਰ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। 

ਐਨ.ਐਫ.ਆਰ. ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਸਬਿਆਸਾਚੀ ਡੇ ਨੇ ਦਸਿਆ ਕਿ ਮਾਲਗੱਡੀ ਰੰਗਾਪਾਣੀ ਵਲ ਜਾ ਰਹੀ ਸੀ ਅਤੇ ਇਸ ਦਾ ਖਾਲੀ ਪਟਰੌਲੀਅਮ ਡੱਬਾ ਸਵੇਰੇ 11:45 ਵਜੇ ਪਟੜੀ ਤੋਂ ਉਤਰ ਗਿਆ। 

ਉਨ੍ਹਾਂ ਕਿਹਾ ਕਿ ਖੇਤਰ ’ਚ ਰੇਲ ਆਵਾਜਾਈ ’ਚ ਕੋਈ ਰੁਕਾਵਟ ਨਹੀਂ ਆਈ ਹੈ। ਡੇ ਨੇ ਕਿਹਾ ਕਿ ਰੇਲਵੇ ਕਰਮਚਾਰੀਆਂ ਨੇ ਤੁਰਤ ਪਟੜੀ ਤੋਂ ਉਤਰੇ ਕੋਚ ਨੂੰ ਹਟਾ ਦਿਤਾ ਅਤੇ ਹੋਰ ਰੇਲ ਗੱਡੀਆਂ ਦੇ ਚੱਲਣ ’ਚ ਰੁਕਾਵਟ ਤੋਂ ਬਚਣ ਲਈ ਟਰੈਕ ਖਾਲੀ ਕਰ ਦਿਤਾ। 

17 ਜੂਨ ਨੂੰ ਸਿਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਹਾਦਸੇ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਇਕ ਮਾਲ ਗੱਡੀ ਨਾਲ ਟਕਰਾ ਗਈ ਸੀ। ਇਸ ਹਾਦਸੇ ’ਚ ਰੇਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਅਤੇ 10 ਲੋਕਾਂ ਦੀ ਮੌਤ ਹੋ ਗਈ। 

ਇਸ ਦੌਰਾਨ ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਜੋ ਹੋ ਰਿਹਾ ਹੈ ਉਸ ਨੂੰ ਲੈ ਕੇ ਅਸੀਂ ਬਹੁਤ ਚਿੰਤਤ ਹਾਂ। ਅੱਜ ਉੱਤਰੀ ਬੰਗਾਲ ਦੇ ਫਾਂਸੀਦੇਵਾ/ਰੰਗਾਪਾਣੀ ’ਚ ਦੂਜਾ ਹਾਦਸਾ ਉਸੇ ਥਾਂ ’ਤੇ ਵਾਪਰਿਆ, ਜਿੱਥੇ 6 ਹਫਤੇ ਪਹਿਲਾਂ ਸੱਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ।’’

ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ’ਚ ਮੰਗਲਵਾਰ ਨੂੰ ਹਾਵੜਾ-ਮੁੰਬਈ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ ਸਨ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ।