ਚੀਨ ਦੀਆਂ ਭੜਕਾਊ ਚਾਲਾਂ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ, ਕਿਹਾ, ਕਦੋਂ ਵਿਖੇਗੀ ਮੋਦੀ ਦੀ ਲਾਲ ਅੱਖ?!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੜ ਚੀਨੀ ਘੁਸਪੈਠ ਦੀ ਕੋਸ਼ਿਸ਼ ਨੂੰ ਲੈ ਕੇ ਸਰਕਾਰ 'ਤੇ ਚੁੱਕੇ ਸਵਾਲ

Randeep Surjewala

ਨਵੀਂ ਦਿੱਲੀ : ਚੀਨ ਦੀਆਂ ਸਰਹੱਦ 'ਤੇ ਸਰਗਰਮੀਆਂ ਦਰਮਿਆਨ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਮੁੜ ਝੜਪ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਚੀਨ ਖਿਲਾਫ਼ ਗੁੱਸਾ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਚੀਨ ਦੀਆਂ ਉਕਸਾਊ ਹਰਕਤਾਂ ਲਈ ਕਾਂਗਰਸ ਨੇ ਸਰਕਾਰ ਨੂੰ ਘੇਰਦਿਆਂ ਸਰਕਾਰ ਦੀ ਢਿੱਲ-ਮੱਠ 'ਤੇ ਸਵਾਲ ਚੁੱਕੇ ਹਨ।  ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸਵਾਲ ਕੀਤਾ ਹੈ ਕਿ ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਲ ਅੱਖ ਕਦੋਂ ਵਿਖਾਈ ਦੇਵੇਗੀ।

ਟਵੀਟ ਜ਼ਰੀਏ ਕੇਂਦਰ ਸਰਕਾਰ ਤੋਂ ਸਵਾਲ ਕਰਦਿਆਂ ਕਾਂਗਰਸੀ ਆਗੂ ਨੇ ਲਿਖਿਆ ਹੈ, ''ਦੇਸ਼ ਦੀ ਸਰਜ਼ਮੀਂ 'ਤੇ ਕਬਜ਼ੇ ਦਾ ਨਵਾਂ ਸਾਹਸ! ਰੋਜ਼ ਨਵੀਂ ਚੀਨੀ ਘੁਸਮੈਠ...ਪਾਂਗੋਂਗ ਸੇ ਲੇਕ ਇਲਾਕਾ, ਗੋਗਰਾ ਅਤੇ ਗਲਵਾਨ ਵੈਲੀ, ਡੇਪਸੰਗ, ਪਲੈਨਸ, ਲਿਪੁਲੇਖ, ਡੋਕਾ ਲਾਅ ਅਤੇ ਨਾਕੁ ਲਾ ਪਾਸ। ਫ਼ੌਜ ਤਾਂ ਭਾਰਤ ਮਾਂ ਦੀ ਰੱਖਿਆ 'ਚ ਨਿਡਰ ਖੜ੍ਹੀ ਹੈ ਪਰ ਮੋਦੀ ਜੀ ਦੀ 'ਲਾਲ ਅੱਗ' ਕਦੋਂ ਵੇਖੇਗੀ?

ਇਸੇ ਤਰ੍ਹਾਂ ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੇ ਵੀ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਸਵਾਲ ਕੀਤਾ ਹੈ। ਟਵੀਟ ਜ਼ਰੀਏ ਸਵਾਲ ਪੁਛਦਿਆਂ ਕਾਂਗਰਸੀ ਆਗੂ ਨੇ ਲਿਖਿਆ ਹੈ, ''ਭਾਜਪਾ ਦੂਜੇ ਮੁੱਦਿਆਂ ਸਬੰਧੀ ਸੋਸ਼ਲ ਮੀਡੀਆ 'ਤੇ ਬਚਾਅ ਕਰਨ ਲਈ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੀ ਹੈ ਪਰ ਚੀਨ ਦੇ ਮੁੱਦੇ 'ਤੇ ਸਲੀਪ ਮੋਡ 'ਤੇ ਚਲੀ ਜਾਂਦੀ ਹੈ। ਇਨ੍ਹਾਂ ਮੁੱਦਿਆਂ 'ਤੇ ਪ੍ਰੈੱਸ ਕਾਨਫ਼ਰੰਸ ਕਦੋਂ ਹੋਵੇਗੀ। ਪਹਿਲਾਂ ਵਾਲੀ ਸਥਿਤੀ ਕਦੋਂ ਬਹਾਲ ਹੋਵੇਗੀ, ਚੀਨ ਨੂੰ ਬਾਹਰ ਕੱਢਣ ਲਈ ਕੀ ਕਦਮ ਚੁੱਕੇ ਗਏ ਹਨ, ਚੀਨ ਦਾ ਨਾਮ ਲੈਣ ਤੋਂ ਸਰਕਾਰ ਡਰਦੀ ਕਿਉਂ ਹੈ।

ਕਾਬਲੇਗੌਰ ਹੈ ਕਿ ਆ ਰਹੀਆਂ ਤਾਜ਼ਾ ਖ਼ਬਰਾਂ ਮੁਤਾਬਕ ਲੱਦਾਖ ਦੇ ਪੈਗੋਂਗ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਇਕ ਫਿਰ ਆਹਮੋ-ਸਾਹਮਣੇ ਆ ਗਈਆਂ ਸਨ। ਇਸ ਦੌਰਾਨ ਹੋਈ ਝੜਪ ਤੋਂ ਬਾਅਦ ਭਾਰਤੀ ਜਵਾਨਾਂ ਦੇ ਤੇਵਰਾਂ ਨੂੰ ਭਾਂਪਦਿਆਂ ਚੀਨੀ ਫ਼ੌਜੀ ਪਿੱਛੇ ਭੱਜ ਗਏ। ਇਹ ਘਟਨਾ 29-30 ਅਗੱਸਤ ਦੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਗਲਵਾਨ ਘਾਟੀ ਅੰਦਰ ਹੋਈ ਖ਼ੂਨੀ ਝੜਪ ਤੋਂ ਬਾਅਦ ਭਾਰਤੀ ਫ਼ੌਜਾਂ ਵਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।