ਦਿੱਲੀ 'ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰਿਆਂ ਨੇ ਮੁਲਾਜ਼ਮ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ 2 ਕਰੋੜ ਦੇ ਗਹਿਣੇ
ਦਿੱਲੀ ਵਿਚ ਚੋਰਾਂ ਨੂੰ ਨਹੀਂ ਕਿਸੇ ਦਾ ਖੌਫ਼
ਨਵੀਂ ਦਿੱਲੀ: ਦਿੱਲੀ ਦੇ ਪਹਾੜਗੰਜ 'ਚ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੀ ਵਰਦੀ ਵਿੱਚ ਆਏ ਬਦਮਾਸ਼ਾਂ ਨੇ ਕਰੀਬ 2 ਕਰੋੜ ਦੇ ਗਹਿਣੇ ਲੁੱਟ ਲਏ। ਸ਼ਰਾਰਤੀ ਅਨਸਰਾਂ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਦਾ ਪਾਊਡਰ ਪਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੁੱਧਵਾਰ ਤੜਕੇ ਕਰੀਬ 4.30 ਵਜੇ ਵਾਪਰੀ।
ਕੁਝ ਅਣਪਛਾਤੇ ਲੁਟੇਰਿਆਂ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਰੀਬ 2 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਅਹਿਮ ਸਬੂਤ ਮਿਲੇ ਹਨ। ਜਲਦ ਹੀ ਬਦਮਾਸ਼ਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਰੀਅਰ ਕੰਪਨੀ ਦੇ ਕਰਮਚਾਰੀ ਨੇ ਇਹ ਗਹਿਣੇ ਚੰਡੀਗੜ੍ਹ ਅਤੇ ਲੁਧਿਆਣਾ ਭੇਜਣੇ ਸਨ।
ਪੁਲਿਸ ਅਨੁਸਾਰ ਉਨ੍ਹਾਂ ਨੂੰ ਸਵੇਰੇ 4:49 'ਤੇ ਫ਼ੋਨ ਆਇਆ ਕਿ ਪਹਾੜਗੰਜ 'ਚ ਦੋ ਵਿਅਕਤੀਆਂ ਨੇ ਇਕ ਵਿਅਕਤੀ ਦੀ ਅੱਖ 'ਚ ਮਿਰਚਾਂ ਦਾ ਪਾਊਡਰ ਪਾ ਕੇ ਗਹਿਣੇ ਲੁੱਟ ਲਏ। ਜਾਂਚ ਕਰਨ ਆਈ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਵਿਅਕਤੀਆਂ ਕੋਲ ਦੋ ਬੈਗ ਸਨ, ਜਿਨ੍ਹਾਂ 'ਚ ਗਹਿਣਿਆਂ ਨਾਲ ਭਰਿਆ ਇਕ ਡੱਬਾ ਸੀ, ਜਿਸ ਨੂੰ ਚੰਡੀਗੜ੍ਹ ਅਤੇ ਲੁਧਿਆਣਾ ਲਿਜਾਇਆ ਜਾਣਾ ਸੀ। ਰਸਤੇ ਵਿੱਚ ਚਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਲੁੱਟ ਲਿਆ। ਮੁਲਜ਼ਮਾਂ ਵਿੱਚੋਂ ਇੱਕ ਪੁਲਿਸ ਦੀ ਵਰਦੀ ਵਿੱਚ ਵੀ ਸੀ। ਉਸ ਨੇ ਪਹਿਲਾਂ ਚੈਕਿੰਗ ਦੇ ਨਾਂ ’ਤੇ ਦੋਵਾਂ ਨੂੰ ਰੋਕਿਆ।
ਉਦੋਂ ਪਿੱਛੇ ਤੋਂ ਦੋ ਵਿਅਕਤੀ ਆਏ ਅਤੇ ਕੋਰੀਅਰ ਕੰਪਨੀ ਦੇ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ ਬੈਗ ਅਤੇ ਡੱਬੇ ਲੁੱਟ ਲਏ। ਗਹਿਣਿਆਂ ਦੀ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਅਹਿਮ ਸਬੂਤ ਮਿਲੇ ਹਨ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।