ਭਾਜਪਾ ਦੇ ਮੰਤਰੀ ਨੇ ਇੱਕ ਪਰਿਵਾਰ ਨੂੰ ਦਿੱਤੀ ਅੱਗ ਲਾ ਕੇ ਮਾਰ ਦੇਣ ਦੀ ਧਮਕੀ, ਪੀੜਤਾਂ ਵੱਲੋਂ ਆਤਮਦਾਹ ਦੀ ਕੋਸ਼ਿਸ਼
ਪੁਲਿਸ ਵੱਲੋਂ ਮਾਮਲਾ ਦਰਜ
ਹੋਸਪੇਟ: ਜ਼ਮੀਨੀ ਵਿਵਾਦ ਦੇ ਮਾਮਲੇ 'ਚ ਪੁਲਿਸ ਨੇ ਕਰਨਾਟਕ ਦੇ ਸੈਰ-ਸਪਾਟਾ ਮੰਤਰੀ ਆਨੰਦ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਸੈਰ-ਸਪਾਟਾ ਅਤੇ ਵਾਤਾਵਰਣ ਮੰਤਰੀ ਆਨੰਦ ਸਿੰਘ 'ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਪਰਿਵਾਰ ਨੂੰ ਧਮਕੀ ਦੇਣ ਦਾ ਦੋਸ਼ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਆਨੰਦ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਮੰਤਰੀ ਆਨੰਦ ਸਿੰਘ ਸਮੇਤ ਤਿੰਨ ਹੋਰਾਂ ਦੇ ਖਿਲਾਫ ਪੀੜਤ ਡੀ ਪਾਲੋਪਾ ਨੇ ਐੱਸਸੀ/ਐੱਸਟੀ ਐਕਟ ਅਤੇ ਧਾਰਾ 504 ਅਤੇ 506 ਤਹਿਤ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਦੇ ਅਨੁਸਾਰ ਇਹ ਮਾਮਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਭਾਈਚਾਰੇ ਦੇ ਮੈਂਬਰਾਂ ਅਤੇ ਐਸਸੀ ਭਾਈਚਾਰੇ ਦੇ ਵਿਚਕਾਰ ਜ਼ਮੀਨੀ ਝਗੜੇ ਨਾਲ ਸਬੰਧਤ ਹੈ।
ਪੀੜਤ ਪੋਲੱਪਾ ਨੇ ਮੰਤਰੀ ਆਨੰਦ ਸਿੰਘ 'ਤੇ ਉਸ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜ਼ਿੰਦਾ ਸਾੜਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪੋਲੱਪਾ ਮੰਗਲਵਾਰ ਨੂੰ ਆਪਣੇ ਪੰਜ ਰਿਸ਼ਤੇਦਾਰਾਂ ਨਾਲ ਹੋਸਪੇਟ ਦੇ ਦਿਹਾਤੀ ਥਾਣੇ ਪਹੁੰਚਿਆ। ਇੱਥੇ ਇਨ੍ਹਾਂ ਸਾਰਿਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਦੱਸਿਆ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਪੀੜਤਾਂ ਨੂੰ ਬਚਾ ਲਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਇਹ ਵੀ ਕਿਹਾ ਕਿ ਪੋਲੱਪਾ ਅਤੇ ਉਸਦੇ ਪੰਜ ਰਿਸ਼ਤੇਦਾਰਾਂ ਦੇ ਖਿਲਾਫ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।