Himachal Pradesh: ਪਹਾੜਾਂ 'ਚ ਘੁੰਮਣ ਜਾਣ ਵਾਲਿਆ ਲਈ ਅਹਿਮ ਖ਼ਬਰ, 72 ਸੜਕਾਂ ਨੂੰ ਕੀਤਾ ਬੰਦ, 2 ਸਤੰਬਰ ਨੂੰ ਭਾਰੀ ਮੀਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ 72 ਸੜਕਾਂ ਬੰਦ ਕਰ ਦਿਤੀਆਂ

Himachal Pradesh

Himachal Pradesh: ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ 72 ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ ਅਤੇ ਸਥਾਨਕ ਮੌਸਮ ਵਿਭਾਗ ਨੇ 2 ਸਤੰਬਰ ਨੂੰ ਵੀ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿਤੀ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਸੂਬੇ ਦੇ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ, ਬੰਦ ਕੀਤੀਆਂ ਗਈਆਂ 72 ਸੜਕਾਂ ’ਚੋਂ ਸ਼ਿਮਲਾ ’ਚ 35, ਮੰਡੀ ’ਚ 15, ਕੁਲੂ ’ਚ 9 ਅਤੇ ਊਨਾ, ਸਿਰਮੌਰ ਅਤੇ ਲਾਹੌਲ ਅਤੇ ਸਪੀਤੀ ਜ਼ਿਲ੍ਹਿਆਂ ’ਚ ਇਕ-ਇਕ ਸੜਕ ਬੰਦ ਕਰ ਦਿਤੀ ਗਈ ਹੈ।

ਉਨ੍ਹਾਂ ਦਸਿਆ ਕਿ ਸੂਬੇ ’ਚ ਮੀਂਹ ਕਾਰਨ 10 ਬਿਜਲੀ ਅਤੇ 32 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਤ ਹੋਈਆਂ ਹਨ। ਕੇਂਦਰ ਅਨੁਸਾਰ, 27 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਸੂਬੇ ’ਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ 150 ਲੋਕਾਂ ਦੀ ਮੌਤ ਹੋ ਚੁਕੀ ਹੈ। ਮੀਂਹ ਕਾਰਨ ਸੂਬੇ ਨੂੰ 1265 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਸੂਬੇ ਦੇ ਕਈ ਹਿੱਸਿਆਂ ’ਚ ਸ਼ੁਕਰਵਾਰ ਸ਼ਾਮ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸੁੰਦਰਨਗਰ ’ਚ 44.8 ਮਿਲੀਮੀਟਰ, ਸ਼ਿਲਾਰੂ ’ਚ 43.1 ਮਿਲੀਮੀਟਰ, ਜੁਬਰਹੱਟੀ ’ਚ 20.4 ਮਿਲੀਮੀਟਰ, ਮਨਾਲੀ ’ਚ 17 ਮਿਲੀਮੀਟਰ, ਸ਼ਿਮਲਾ ’ਚ 15.1 ਮਿਲੀਮੀਟਰ, ਸਲੇਪਰ ’ਚ 11.3 ਮਿਲੀਮੀਟਰ ਅਤੇ ਡਲਹੌਜ਼ੀ ’ਚ 11 ਮਿਲੀਮੀਟਰ ਮੀਂਹ ਪਿਆ। ਸਥਾਨਕ ਮੌਸਮ ਵਿਭਾਗ ਨੇ 2 ਸਤੰਬਰ ਨੂੰ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।