Jammu Kashmir: NIA ਨੇ ਕੱਸਿਆ ਸ਼ਿਕੰਜਾ,ਅਤਿਵਾਦੀ ਹਿੰਸਾ ਮਾਮਲੇ 'ਚ 2 ਹੋਰ ਗ੍ਰਿਫ਼ਤਾਰ
NIA ਨੇ ਇਸ ਮਾਮਲੇ 'ਚ ਹੁਣ ਤੱਕ 25 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਜੰਮੂ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਹਿੰਸਕ ਘਟਨਾਵਾਂ ਦੇ ਸਬੰਧ ਵਿੱਚ ਦੋ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਐਨਆਈਏ ਨੇ ਇਹ ਗ੍ਰਿਫ਼ਤਾਰੀਆਂ ਉੱਤਰੀ ਕਸ਼ਮੀਰ ਦੇ ਸ੍ਰੀਨਗਰ ਅਤੇ ਸੋਪੋਰ ਤੋਂ ਕੀਤੀਆਂ ਹਨ। ਇਸ ਦੇ ਨਾਲ ਹੀ NIA ਨੇ ਇਸ ਮਾਮਲੇ 'ਚ ਹੁਣ ਤੱਕ 25 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਐਨਆਈਏ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਦੇ ਰਹਿਣ ਵਾਲੇ ਇਸ਼ਫਾਕ ਅਹਿਮਦ ਵਾਨੀ ਅਤੇ ਸੋਪੋਰ ਦੇ ਰਹਿਣ ਵਾਲੇ ਉਮਰ ਭੱਟ ਨੂੰ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਿੰਸਾ ਦੇ ਦੋਸ਼ ਵਿਚ ਹਿਰਾਸਤ 'ਚ ਲਿਆ ਗਿਆ ਹੈ। ਐਨਆਈਏ ਨੇ 10 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਕੇਸ ਦਰਜ ਕੀਤਾ ਸੀ।
ਦੱਸ ਦਈਏ ਕਿ ਇਹ ਕੇਸ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ, ਅਲ ਬਦਰ ਅਤੇ ਟੀਆਰਐਫ ਅਤੇ ਪੀਪਲਜ਼ ਅਗੇਂਸਟ ਫਾਸ਼ੀਵਾਦੀ ਤਾਕਤਾਂ ਦੇ ਅਤਿਵਾਦੀਆਂ ਵਲੋਂ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਦੇ ਦੋਸ਼ਾਂ ਵਿਚ ਦਰਜ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ NIA ਨੇ ਕਸ਼ਮੀਰ 'ਚ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਅੱਠ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ ਪਰ ਬਾਅਦ 'ਚ NIA ਨੇ ਪੁਸ਼ਟੀ ਕੀਤੀ ਕਿ ਸਿਰਫ਼ ਦੋ ਲੋਕਾਂ ਨੂੰ ਹੀ ਹਿਰਾਸਤ 'ਚ ਲਿਆ ਗਿਆ ਹੈ। ਹੁਣ ਦੋ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਹੋਈ ਹੈ।
NIA ਨੇ ਆਪਣੀ ਮੁਢਲੀ ਜਾਂਚ 'ਚ ਪਾਇਆ ਹੈ ਕਿ ਸਾਰੇ ਦੋਸ਼ੀ ਇਨ੍ਹਾਂ ਅਤਿਵਾਦੀ ਸੰਗਠਨਾਂ ਦੇ ਓਵਰਗ੍ਰਾਊਂਡ ਵਰਕਰ ਅਤੇ ਮਦਦਗਾਰ ਹਨ। ਉਹ ਅਤਿਵਾਦੀਆਂ ਨੂੰ ਅਸਲਾ ਅਤੇ ਹੋਰ ਚੀਜ਼ਾਂ ਨਾਲ ਮਦਦ ਕਰਦੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ NIA ਨੇ ਜੰਮੂ-ਕਸ਼ਮੀਰ ਦੇ 7 ਜ਼ਿਲਿਆਂ 'ਚ 17 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ 'ਚ ਦੱਖਣੀ ਕਸ਼ਮੀਰ ਦਾ ਕੁਲਗਾਮ ਜ਼ਿਲ੍ਹਾ, ਗੰਦਰਬਲ, ਬਾਂਦੀਪੋਰਾ, ਅਨੰਤਨਾਗ, ਸ੍ਰੀਨਗਰ, ਜੰਮੂ ਡਿਵੀਜ਼ਨ ਦਾ ਕਿਸ਼ਤਵਾੜ ਅਤੇ ਜੰਮੂ ਜ਼ਿਲ੍ਹੇ ਸ਼ਾਮਲ ਹਨ।
ਦੱਸਣਯੋਗ ਹੈ ਕਿ NIA ਨੂੰ ਸੂਚਨਾ ਮਿਲੀ ਸੀ ਕਿ ਘਾਟੀ 'ਚ ਕਈ ਥਾਵਾਂ 'ਤੇ ਅਤਿਵਾਦੀ ਗਤੀਵਿਧੀਆਂ 'ਚ ਲੋਕ ਸ਼ਾਮਲ ਹਨ। ਇਸ ਤੋਂ ਬਾਅਦ ਹੀ NIA ਨੇ ਛਾਪੇਮਾਰੀ ਕੀਤੀ ਅਤੇ ਹੁਣ ਤੱਕ 25 ਅਤਿਵਾਦੀਆਂ, ਓਵਰਗਰਾਊਂਡ ਵਰਕਰਾਂ ਅਤੇ ਸਹਾਇਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ 'ਚੋਂ ਕੁਝ ਅਤਿਵਾਦੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਾਲ ਹੀ 'ਚ ਕਸ਼ਮੀਰੀ ਪੰਡਤਾਂ ਅਤੇ ਪ੍ਰਵਾਸੀ ਨਾਗਰਿਕਾਂ ਦੀਆਂ ਹੱਤਿਆਵਾਂ ਕੀਤੀਆਂ ਹਨ। ਐਨਆਈਏ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਲੋਕਾਂ ਨੂੰ ਹਿਰਾਸਤ ਵਿਚ ਲੈ ਸਕਦੀ ਹੈ।