ਮੋਰਬੀ ਪੁਲ ਹਾਦਸੇ ’ਚ BJP ਸੰਸਦ ਮੈਂਬਰ ਦੇ12 ਰਿਸ਼ਤੇਦਾਰਾਂ ਦੀ ਮੌਤ, ਕਿਹਾ- ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਜਾਨ ਗੁਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਚ 5 ਬੱਚੇ, 4 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ
ਮੋਰਬੀ- ਗੁਜਰਾਤ ਦੇ ਮੋਰਬੀ ’ਚ ਹੋਏ ਪੁਲ ਹਾਦਸੇ ’ਚ ਹੁਣ ਤੱਕ ਕਰੀਬ 190 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ’ਚ ਰਾਜਕੋਟ ਤੋਂ ਭਾਜਪਾ ਸੰਸਦ ਮੈਂਬਰ ਮੋਹਨ ਭਾਈ ਕੁੰਡਾਰੀਆ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਕੁੰਡਾਰੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਉਹ ਪਿਕਨਿਕ ਮਨਾਉਣ ਗਏ ਸਨ।
ਕੁੰਡਾਰੀਆ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਚ 5 ਬੱਚੇ, 4 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਸਾਰੇ ਉਨ੍ਹਾਂ ਦੇ ਵੱਡੇ ਭਰਾ ਦੇ ਕਰੀਬੀ ਰਿਸ਼ਤੇਦਾਰ ਹਨ। ਉਨ੍ਹਾਂ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਤੇ ਕਈ ਅਜੇ ਵੀ ਲਾਪਤਾ ਹਨ। ਸਦੀ ਪੁਰਾਣੇ ਪੁਲ ਨੂੰ ਮੁਰੰਮਤ ਲਈ 7 ਮਹੀਨੇ ਬੰਦ ਰੱਖਣ ਮਗਰੋਂ 4 ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।
ਇਸ ਹਾਦਸੇ ਵਿਚ ਭਾਜਪਾ ਸੰਸਦ ਮੈਂਬਰ ਮੋਹਨ ਕੁੰਦਰੀਆ ਦੀ ਭੈਣ ਦੇ ਪਰਿਵਾਰ ਦੇ 12 ਜੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਰਾਜਕੋਟ ਦੇ ਭਾਜਪਾ ਸੰਸਦ ਮੈਂਬਰ ਮੋਹਨ ਕੁੰਦਰੀਆ ਦੀ ਭੈਣ ਦੇ ਪਤੀ ਦੇ ਭਰਾ ਦੀਆਂ 4 ਧੀਆਂ, 3 ਜਵਾਈ ਅਤੇ 5 ਬੱਚਿਆਂ ਦੀ ਮੌਤ ਹੋ ਗਈ ਹੈ।
ਮੋਰਬੀ 'ਚ ਪੁਲ ਡਿੱਗਣ ਦੇ ਹਾਦਸੇ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਲਗਾਤਾਰ ਮੌਕੇ 'ਤੇ ਮੌਜੂਦ ਹਨ। ਉਹ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਇਸ ਘਟਨਾ ਤੋਂ ਨਾਰਾਜ਼ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਦਾ ਬਹੁਤ ਦੁੱਖ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਰਕਾਰ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।
ਪੁਲਿਸ, ਸਥਾਨਕ ਪ੍ਰਸ਼ਾਸਨ, ਐਸਡੀਆਰਐਫ, ਭਾਰਤੀ ਤੱਟ ਰੱਖਿਅਕ ਅਤੇ ਫਾਇਰ ਬ੍ਰਿਗੇਡ, ਸੈਨਾ, ਜਲ ਸੈਨਾ ਅਤੇ ਐਨਡੀਆਰਐਫ ਵੱਲੋਂ ਲਗਾਤਾਰ ਬਚਾਅ ਕਾਰਜ ਕੀਤੇ ਜਾ ਰਹੇ ਹਨ। ਇਸ ਹਾਦਸੇ ਵਿੱਚ ਹੁਣ ਤੱਕ 190 ਤੋਂ ਵੱਧ ਲੋਕਾਂ ਦੀ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। 177 ਲੋਕਾਂ ਨੂੰ ਬਚਾਇਆ ਗਿਆ ਅਤੇ 19 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਐਤਵਾਰ ਸ਼ਾਮ ਨੂੰ ਇਸ ਬ੍ਰਿਜ ਉਤੇ ਲਗਭਗ 400 ਲੋਕ ਮੌਜੂਦ ਸਨ। ਫਿਰ ਇਹ ਟੁੱਟ ਗਿਆ ਅਤੇ ਸੈਂਕੜੇ ਲੋਕ ਨਦੀ ਵਿੱਚ ਡਿੱਗ ਗਏ। ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਭਾਰਤੀ ਫੌਜ ਰਾਤ ਕਰੀਬ ਤਿੰਨ ਵਜੇ ਇੱਥੇ ਪਹੁੰਚੀ ਸੀ। ਫੌਜ ਦੇ ਮੇਜਰ ਗੌਰਵ ਨੇ ਕਿਹਾ ਕਿ ਅਸੀਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। NDRF ਦੀਆਂ ਟੀਮਾਂ ਵੀ ਬਚਾਅ ਕਾਰਜ ਚਲਾ ਰਹੀਆਂ ਹਨ।
ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨਾਲ ਮੋਰਬੀ ਵਿੱਚ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਜ਼ਖ਼ਮੀਆਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਅਤੇ ਕਈਆਂ ਨੂੰ ਇਲਾਜ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਵੀ ਭੇਜ ਦਿੱਤਾ ਗਿਆ ਹੈ।