ਗੁਜਰਾਤ 'ਚ ਟੁੱਟਿਆ 143 ਸਾਲ ਪੁਰਾਣਾ ਕੇਬਲ ਪੁਲ, 140 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ ਤੇ 170 ਨੂੰ ਬਚਾਇਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਰਨ ਵਾਲਿਆਂ ਵਿੱਚ 50 ਤੋਂ ਵੱਧ ਬੱਚੇ ਅਤੇ ਔਰਤਾਂ ਸ਼ਾਮਲ

Gujarat incident

ਰਾਹਤ ਅਤੇ ਬਚਾਅ ਕਾਰਜ ਜਾਰੀ 

ਮੋਰਬੀ : ਗੁਜਰਾਤ ਦੇ ਮੋਰਬੀ 'ਚ ਐਤਵਾਰ ਸ਼ਾਮ ਕਰੀਬ 6.30 ਵਜੇ ਕੇਬਲ ਸਸਪੈਂਸ਼ਨ ਪੁਲ ਡਿੱਗਣ ਨਾਲ ਕਰੀਬ 400 ਲੋਕ ਮੱਛੂ ਨਦੀ 'ਚ ਡਿੱਗ ਗਏ। ਇਸ ਹਾਦਸੇ ਵਿੱਚ 140 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਮੋਰਬੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ 50 ਤੋਂ ਵੱਧ ਬੱਚੇ ਅਤੇ ਔਰਤਾਂ ਸ਼ਾਮਲ ਹਨ। 70 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਿਪੋਰਟਾਂ ਮੁਤਾਬਕ ਹੁਣ ਤੱਕ 170 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਸ ਹਾਦਸੇ 'ਚ ਰਾਜਕੋਟ ਦੇ ਭਾਜਪਾ ਸੰਸਦ ਮੋਹਨ ਕੁੰਡਾਰੀਆ ਦੇ ਪਰਿਵਾਰ ਦੇ 12 ਲੋਕਾਂ ਦੀ ਮੌਤ ਹੋ ਗਈ।

ਇਹ ਪੁਲ ਪਿਛਲੇ 6 ਮਹੀਨਿਆਂ ਤੋਂ ਬੰਦ ਸੀ। ਹਾਲ ਹੀ ਵਿੱਚ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਇਸ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ ਸੀ। ਇਸ ਨੂੰ ਦੀਵਾਲੀ ਤੋਂ ਇਕ ਦਿਨ ਬਾਅਦ ਯਾਨੀ 25 ਅਕਤੂਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹੈਲਪਲਾਈਨ ਨੰਬਰ (02822243300) ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਜ਼ਖਮੀਆਂ ਦੇ ਇਲਾਜ ਲਈ ਮੋਰਬੀ ਅਤੇ ਰਾਜਕੋਟ ਦੇ ਹਸਪਤਾਲਾਂ 'ਚ ਐਮਰਜੈਂਸੀ ਵਾਰਡ ਬਣਾਏ ਗਏ ਹਨ।

ਸਵੇਰ ਤੋਂ ਹੀ ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵਲੋਂ ਬਚਾਅ ਕਾਰਜ ਜਾਰੀ ਹੈ। ਮੱਛੂ ਨਦੀ ਵਿੱਚ ਪਾਣੀ ਘੱਟ ਕਰਨ ਲਈ ਚੈੱਕ ਡੈਮ ਨੂੰ ਢਾਹਿਆ ਜਾ ਰਿਹਾ ਹੈ। ਇਸ ਮਾਮਲੇ 'ਚ ਬ੍ਰਿਜ ਦੀ ਪ੍ਰਬੰਧਕੀ ਕੰਪਨੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਲਈ ਕਮੇਟੀ ਬਣਾਈ ਗਈ ਹੈ। ਇਸ ਤੋਂ ਇਲਾਵਾ PM ਮੋਦੀ ਦਾ ਅਹਿਮਦਾਬਾਦ 'ਚ ਹੋਣ ਵਾਲਾ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਕੇਵੜੀਆ ਤੋਂ ਮੋਰਬੀ ਜਾ ਸਕਦੇ ਹਨ।