ਚੱਕਰਵਾਤੀ ਤੂਫਾਨ ‘ਮੋਂਥਾ' ਕਾਰਨ ਤੇਲੰਗਾਨਾ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੋਈਆਂ ਮੌਤਾਂ

Cyclone 'Montha' claims at least 6 lives in Telangana

ਹੈਦਰਾਬਾਦ : ਚੱਕਰਵਾਤੀ ਤੂਫਾਨ ‘ਮੋਂਥਾ’ ਦੇ ਅਸਰ ਕਾਰਨ ਤੇਲੰਗਾਨਾ ਦੇ ਵੱਖ-ਵੱਖ ਹਿੱਸਿਆਂ ’ਚ 29 ਅਕਤੂਬਰ ਨੂੰ ਮੀਂਹ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ’ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਸਿੱਦੀਪੇਟ ਜ਼ਿਲ੍ਹੇ ’ਚ ਦੋ ਪਹੀਆ ਗੱਡੀ ਉਤੇ ਵਹਿ ਰਹੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ’ਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਪਤਾ ਲਗਾਇਆ ਗਿਆ। ਇਕ ਹੋਰ ਘਟਨਾ ’ਚ ਜਨਗਾਓਂ ਜ਼ਿਲ੍ਹੇ ’ਚ ਹੜ੍ਹ ਦੇ ਪਾਣੀ ’ਚ ਵਹਿ ਕੇ ਇਕ ਔਰਤ ਦੀ ਮੌਤ ਹੋ ਗਈ।

ਸੂਰੀਆਪੇਟ ਜ਼ਿਲ੍ਹੇ ’ਚ ਬਾਈਕ ਚਲਾਉਂਦੇ ਸਮੇਂ ਸੜਕ ਕਿਨਾਰੇ ਦਾ ਦਰੱਖਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਮਹਿਬੂਬਾਬਾਦ ਜ਼ਿਲ੍ਹੇ ’ਚ ਕੰਧ ਡਿੱਗਣ ਦੀ ਘਟਨਾ ’ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਵਾਰੰਗਲ ’ਚ ਹੜ੍ਹ ਦਾ ਪਾਣੀ ਉਸ ਦੇ ਘਰ ’ਚ ਦਾਖਲ ਹੋਣ ਕਾਰਨ 60 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਕੁੱਝ ਹੋਰ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿਚ ਲੋਕ ਹੜ੍ਹ ਦੇ ਪਾਣੀ ਵਿਚ ਵਹਿ ਕੇ ਲਾਪਤਾ ਹੋ ਗਏ ਸਨ। 29 ਅਕਤੂਬਰ ਨੂੰ ਭਾਰੀ ਮੀਂਹ ਕਾਰਨ ਵਾਰੰਗਲ, ਹਨਮਕੋਂਡਾ, ਮਹਿਬੂਬਾਬਾਦ, ਕਰੀਮਨਗਰ, ਖੰਮਮ, ਭਦਰਾਦਰੀ, ਕੋਠਾਗੁਡੇਮ, ਨਲਗੋਂਡਾ ਅਤੇ ਸਿੱਦੀਪੇਟ ਜ਼ਿਲ੍ਹਿਆਂ ਵਿਚ ਕਈ ਥਾਵਾਂ ਉਤੇ ਸੜਕਾਂ ਪਾਣੀ ਭਰ ਗਈਆਂ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।