ਭੀਮ ਫ਼ੌਜ ਮੁਖੀ ਚੰਦਰਸ਼ੇਖਰ ਨੂੰ ਰੈਲੀ ਦੀ ਪ੍ਰਵਾਨਗੀ ਨਹੀਂ, 4 ਜਨਵਰੀ ਨੂੰ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜ਼ਾਦ ਐਸਐਸਪੀਐਮਐਸ ਕਾਲਜ ਮੈਦਾਨ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਪ੍ਰੋਗਰਾਮ ਲਈ ਆਯੋਜਕਾਂ ਨੂੰ ਪ੍ਰਵਾਨਗੀ ਨਾ ਮਿਲਣ ਕਾਰਨ ਇਸ ਨੂੰ ਰੱਦ ਕਰ ਦਿਤਾ ਗਿਆ।

Bhim Army Chief Chandrashekhar

ਪੁਣੇ : ਭੀਮ ਫ਼ੌਜ ਦੇ ਮੁਖੀ ਚੰਦਰਸ਼ੇਖਰ ਅਜ਼ਾਦ ਉਰਫ ਰਾਵਣ ਪੁਲਿਸ ਸੁਰੱਖਿਆ ਵਿਚਕਾਰ ਪੁਣੇ ਪੁੱਜੇ। ਉਹਨਾਂ ਨੂੰ ਮੁੰਬਈ ਵਿਖੇ ਕਥਿਤ ਤੌਰ 'ਤੇ ਹਿਰਾਸਤ ਵਿਚ ਲਿਆ ਗਿਆ ਸੀ। ਅਜ਼ਾਦ ਐਸਐਸਪੀਐਮਐਸ ਕਾਲਜ ਮੈਦਾਨ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਹਾਲਾਂਕਿ ਪ੍ਰੋਗਰਾਮ ਲਈ ਆਯੋਜਕਾਂ ਨੂੰ ਪ੍ਰਵਾਨਗੀ ਨਾ ਮਿਲਣ ਕਾਰਨ ਇਸ ਨੂੰ ਰੱਦ ਕਰ ਦਿਤਾ ਗਿਆ। ਉਹਨਾਂ ਦੇ ਸਮਰਥਕਾਂ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਮੁੰਬਈ ਦੇ ਹੋਟਲ ਵਿਚ ਹਿਰਾਸਤ ਵਿਚ ਲਿਆ ਗਿਆ ਪਰ ਇਸ ਦੋਸ਼ ਨੂੰ ਪੁਲਿਸ ਨੇ ਖਾਰਜ ਕਰ ਦਿਤਾ।

ਹਾਈ ਕੋਰਟ ਨੇ ਪੁਣੇ ਪੁਲਿਸ ਨੂੰ ਅਗਲੀ ਸੁਣਵਾਈ 4 ਜਨਵਰੀ 2019 ਤੱਕ ਅਪਣਾ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਦੱਸ ਦਈਏ ਕਿ ਮੁੰਬਈ ਪਹੁੰਚਣ 'ਤੇ ਚੰਦਰਸ਼ੇਖਰ ਅਜ਼ਾਦ ਨੂੰ ਮੁੰਬਈ ਪੁਲਿਸ ਨੇ ਦਿਨ ਭਰ ਨਜ਼ਰਬੰਦ ਰੱਖਿਆ ਅਤੇ ਦੇਰ ਸ਼ਾਮ ਹਿਰਾਸਤ ਵਿਚ ਲੈ ਲਿਆ ਸੀ। ਚੰਦਰਸ਼ੇਖਰ ਨੇ ਦੱਸਿਆ ਸੀ ਕਿ ਪੁਲਿਸ ਨੇ ਲਗਭਗ ਅੱਠ ਘੰਟੇ ਤੱਕ ਉਹਨਾਂ ਨੂੰ ਹੋਟਲ ਵਿਚ ਨਜ਼ਰਬੰਦ ਰੱਖਿਆ ਅਤੇ ਸ਼ਾਮ ਨੂੰ ਦਾਦਰ ਸਥਿਤ ਚੈਤਯ ਭੂਮੀ ਜਾਣ ਦੀ ਪ੍ਰਵਾਨਗੀ ਦਿਤੀ, ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਸੂਤਰਾਂ ਮੁਤਾਬਕ ਪੁਲਿਸ ਨੂੰ ਜਦ ਪਤਾ ਲਗਾ ਕਿ ਚੰਦਰਸ਼ੇਖਰ ਪੱਛਮੀ ਉਪਨਗਰ ਮਲਾਡ ਦੇ ਮਨਾਲੀ ਹੋਟਲ ਵਿਚ ਰੁਕੇ ਹੋਏ ਹਨ ਤਾਂ ਸਵੇਰੇ 11 ਵਜੇ ਉਹ ਮਨਾਈ ਹੋਟਲ ਪੁੱਜੀ ਅਤੇ ਚੰਦਰਸ਼ੇਖਰ ਸਮੇਤ ਉਹਨਾਂ ਦੇ ਸਹਿਯੋਗੀਆਂ ਨੂੰ ਨਜ਼ਰਬੰਦ ਕਰ ਲਿਆ ਗਿਆ। ਉਹ ਚੈਤਯ ਭੂਮੀ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਜਾਣ ਨਹੀਂ ਦਿਤਾ ਗਿਆ। ਜਦ ਇਸ ਗੱਲ ਦੀ ਖ਼ਬਰ ਭੀਮ ਫ਼ੌਜ ਦੇ ਵਰਕਰਾਂ ਨੂੰ ਲਗੀ ਤਾਂ ਉਹ ਮਨਾਲੀ ਹੋਟਲ ਪੁੱਜੇ ਅਤੇ ਚੰਦਰਸ਼ੇਖਰ ਨੂੰ ਨਜ਼ਰਬੰਦੀ ਤੋਂ ਮੁਕਤ ਕਰਨ ਦੀ ਮੰਗ ਕਰਨ ਲਗੇ।