ਕਿਸਾਨੀ ਸੰਘਰਸ਼ ਦੀ ਉਹ ਪੀੜ ਜਿੱਥੇ 14 ਸਾਲ ਦੇ ਬੱਚੇ ਨੂੰ ਆਪਣੇ ਪਿਤਾ ਦੀ ਅਰਥੀ ਨੂੰ ਦੇਣਾ ਪਿਆ ਮੋਢਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਨੂੰ ਕੁਝ ਵੀ ਨਹੀਂ ਦੱਸ ਕੇ ਗਏ ਤੇ ਹੁਣ ਸਾਨੂੰ ਸਦਾ ਲਈ ਹੀ ਛੱਡ ਕੇ ਚਲੇ ਗਏ।

Dhanna Singh's Family

ਮਾਨਸਾ: (ਲੰਕੇਸ਼ ਤ੍ਰਿਖਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ । ਇਸ ਦੇ ਨਾਲ ਹੀ ਇਸ ਕਿਸਾਨੀ ਮੋਰਚੇ ਵਿਚ  ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ।

ਉਹਨਾਂ ਵਿਚੋਂ ਇਕ ਕਿਸਾਨ ਸਨ ਪਿੰਡ ਚਹਿਲਾਂ ਵਾਲੀ ਜਿਲ੍ਹਾ ਮਾਨਸਾ ਦੇ ਰਹਿਣ ਵਾਲੇ  ਧੰਨਾ ਸਿੰਘ, ਜੋ ਮੈਦਾਨੀ ਸੰਘਰਸ਼ ਲਈ ਨਿਕਲੇ ਤਾਂ ਜਿੱਤਣ ਲਈ ਸਨ ਪਰ ਨਸੀਬਾਂ ਵਿਚ ਸਬਰ ਇੰਨਾ ਕੁ ਹੀ ਲਿਖਿਆ ਸੀ। ਧੰਨਾ ਸਿੰਘ ਇਕ ਸੜਕ ਹਾਦਸੇ ਵਿਚ ਮੌਕੇ ਤੇ ਹੀ ਦਮ ਤੋੜ ਗਏ। ਧੰਨਾ ਸਿੰਘ ਜਿਸ  ਟਰੈਕਟਰ ਤੇ ਬੈਠੇ  ਸਨ ਉਸਨੂੰ ਟਰੱਕ ਨੇ ਪਿੱਛੋਂ ਦੀ ਫੇਟ ਮਾਰੀ।

ਟਰੈਕਟਰ ਦਾ ਟਾਇਰ ਧੰਨਾ ਸਿੰਘ ਤੇ ਚੜ੍ਹ ਗਿਆ ਤੇ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਪਤਨੀ, ਧੀ, ਪੁੱਤ ਛੱਡ ਗਿਆ। ਧੰਨਾ ਸਿੰਘ ਦੇ 14 ਸਾਲਾ ਪੁ੍ੱਤਰ ਹਰਵਿੰਦਰ  ਸਿੰਘ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ। ਸਪੋਕਸਮੈਨ ਦੇ  ਪੱਤਰਕਾਰ ਵੱਲੋਂ ਧੰਨਾ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।

 ਉਹਨਾਂ ਦੀ  ਪਤਨੀ ਨੇ ਦੱਸਿਆ ਕਿ ਪਹਿਲਾਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਆਪਣੇ ਕਿੰਨੀ ਕਿ ਪੈਲੀ ਹੈ ਵੀ ਤੁਸੀਂ ਇਹਨਾਂ ਕੰਮਾਂ ਵਿਚ ਨਾ ਪਵੋ। ਪਤਨੀ ਨੇ ਦੱਸਿਆ ਕਿ ਜਦੋਂ ਦਿੱਲੀ ਜਾਣਾ ਸੀ  ਉਦੋਂ ਵੀ ਮੇਰੀ ਦਵਾਈ ਵਾਲੀ  ਪਰਚੀ ਲੈ ਕੇ ਦਵਾਈ ਲਿਆ ਕੇ ਦੇ ਗਏ ਵੀ ਬਾਅਦ ਵਿਚ ਕੌਣ ਲਿਆ ਕੇ ਦੇਵੇਗਾ ਤੇ ਜਦੋਂ ਜਾਣਾ ਸੀ ਉਦੋਂ ਸਾਨੂੰ ਕੁੱਝ ਵੀ ਨਹੀਂ ਦੱਸ ਕੇ ਗਏ ਤੇ ਹੁਣ ਸਾਨੂੰ ਸਦਾ ਲਈ ਹੀ ਛੱਡ ਕੇ ਚਲੇ ਗਏ।

ਧੰਨਾ ਸਿੰਘ ਦੇ ਪੁੱਤਰ  ਹਰਵਿੰਦਰ ਹੁਣ ਆਪਣੀਆਂ ਗੱਲਾਂ ਆਪਣੀਆਂ ਮੱਝਾਂ ਨਾਲ ਸਾਂਝੀਆਂ ਕਰਦਾ ਹੈ , ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਝੋਟੇ ਦਾ ਨਾਮ ਸਿਕੰਦਰ ਰੱਖਿਆ ਹੈ।  ਹਰਵਿੰਦਰ ਨੇ ਦੱਸਿਆ ਕਿ ਗੋਭੀ ਉਸਦੀ ਮਨਪਸੰਦ ਸਬਜੀ ਹੈ ਉਸਨੇ ਖੁਦ ਹੀ ਗੋਭੀ ਲਗਾਈ ਹੈ ਅਤੇ ਖੁਦ ਹੀ ਉਸਦੀ  ਦੇਖਭਾਲ ਕਰਦਾ ਹੈ।

ਹਰਵਿੰਦਰ  ਨੇ ਆਪਣੇ ਟਰੈਕਟਰ ਬਾਰੇ  ਕੱਲੀ ਕੱਲੀ ਚੀਜ਼ ਦੱਸੀ। ਹਰਵਿੰਦਰ ਦੇ ਮੂੰਹ ਤੇ ਮਾਸੂਮੀਅਤ ਸਾਫ ਝਲਕਦੀ ਹੈ। ਧੰਨਾ ਸਿੰਘ ਦੇ ਘਰ ਦੇ ਬਾਹਰ ਝੂਲਦਾ ਕਿਸਾਨੀ ਸੰਘਰਸ਼  ਦਾ ਝੰਡਾ ਹਮੇਸ਼ਾ ਧੰਨਾ ਸਿੰਘ ਦੀ ਕੁਰਬਾਨੀ ਦੀ ਦਾਸਤਾਨ ਸੁਣਾਉਂਦਾ ਰਹੇਗਾ।