ਖ਼ਾਲਿਦ ਹੁਸੈਨ ਨੂੰ ਮਿਲਿਆ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਾਲਿਦ ਹੁਸੈਨ ਨੂੰ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣ’ ਲਈ ਸਾਲ 2021 ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

Sahitya Akademi Award to Khalid Hussain

 

ਨਵੀਂ ਦਿੱਲੀ  : ਜੰਮੂ-ਕਸ਼ਮੀਰ ਦੇ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣ’ ਲਈ ਸਾਲ 2021 ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸਾਹਿਤ ਅਕਾਦਮੀ ਨੇ ਵੀਰਵਾਰ ਨੂੰ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰ 2021 ਦੇ ਨਾਲ-ਨਾਲ ਯੁਵਾ ਤੇ ਬਾਲ ਸਾਹਿਤ ਪੁਰਸਕਾਰਾਂ ਦਾ ਐਲਾਨ ਕੀਤਾ। ਮੁੱਖ ਪੁਰਸਕਾਰ 20 ਭਾਰਤੀ ਭਾਸ਼ਾਵਾਂ ਤੇ ਯੁਵਾ, ਬਾਲ ਸਾਹਿਤ ਪੁਰਸਕਾਰ 22 ਭਾਰਤੀ ਭਾਸ਼ਾਵਾਂ ਲਈ ਐਲਾਨੇ ਗਏ ਹਨ।

ਐਲਾਨੇ ਗਏ ਪੁਰਸਕਾਰਾਂ ’ਚ ਸੱਤ ਕਵਿਤਾ ਸੰਗ੍ਰਹਿ, ਪੰਜ ਕਹਾਣੀ ਸੰਗ੍ਰਹਿ, ਦੋ ਨਾਵਲ, ਦੋ ਨਾਟਕ, ਇਕ ਜੀਵਨ ਚਰਿਤਰ, ਇਕ ਮਹਾਕਾਵਿ, ਇਕ ਆਲੋਚਨਾ ਦੀ ਪੁਸਤਕ ਤੇ ਇਕ ਆਤਮਕਥਾ ਸ਼ਾਮਲ ਹਨ। ਹਿੰਦੀ ਲਈ ਦਇਆ ਪ੍ਰਕਾਸ਼ ਸਿਨਹਾ ਨੂੰ ਉਨ੍ਹਾਂ ਦੇ ਨਾਟਕ ‘ਸਮਰਾਟ ਅਸ਼ੋਕ’ ਤੇ ਅੰਗਰੇਜ਼ੀ ਲਈ ਨਮਿਤਾ ਗੋਖਲੇ ਨੂੰ ਉਨ੍ਹਾਂ ਦੇ ਨਾਵਲ ‘ਥਿੰਗਸ ਟੂ ਲੀਵ ਬਿਹਾਈਂਡ’ ਲਈ ਸਾਹਿਤ ਅਕਾਦਮੀ ਪੁਰਸਕਾਰ ਦਿਤੇ ਜਾਣਗੇ। ਗੁਜਰਾਤੀ, ਮੈਥਿਲੀ, ਮਨੀਪੁਰੀ ਤੇ ਉਰਦੂ ਭਾਸ਼ਾਵਾਂ ਦੇ ਪੁਰਸਕਾਰ ਬਾਅਦ ’ਚ ਐਲਾਨੇ ਜਾਣਗੇ।