ਇਨੈਲੋ ਦੀ ਸਰਕਾਰ ਬਣੀ ਤਾਂ ਦਿੱਲੀ ਦਾ ਪਾਣੀ ਉਦੋਂ ਤਕ ਬੰਦ ਰੱਖਾਂਗੇ ਜਦੋਂ ਤਕ SYL ਦਾ ਪਾਣੀ ਨਹੀਂ ਮਿਲਦਾ : ਅਭੈ ਚੌਟਾਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

‘‘ਸਾਡਾ ਅਜੇ ਅਜਿਹਾ ਕੋਈ ਫੈਸਲਾ ਨਹੀਂ ਹੈ ਅਤੇ ਨਾ ਹੀ ਇਸ ਮਾਮਲੇ ’ਤੇ ਕੋਈ ਚਰਚਾ ਹੋਈ ਹੈ।

Abhay Singh Chautala

ਜੀਂਦ (ਹਰਿਆਣਾ): ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਹਰਿਆਣਾ ਦੀ ਸੱਤਾ ’ਚ ਆਉਂਦੀ ਹੈ ਤਾਂ ਸਤਲੁਜ-ਯਮੁਨਾ ਲਿੰਕ ਨਹਿਰ ਪ੍ਰਾਜੈਕਟ ਦਾ ਪਾਣੀ ਹਰਿਆਣਾ ਨੂੰ ਮੁਹੱਈਆ ਨਾ ਹੋਣ ਤਕ ਦਿੱਲੀ ਦਾ ਪਾਣੀ ਅਤੇ ਸੜਕਾਂ ਬੰਦ ਕਰ ਦਿਤੀਆਂ ਜਾਣਗੀਆਂ। 

ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦਾ ਪਾਣੀ ਸੂਬੇ ’ਚ ਜ਼ਰੂਰ ਆਵੇਗਾ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਅਜਿਹਾ ਨਹੀਂ ਕਰ ਸਕਦੀਆਂ। ਚੌਟਾਲਾ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਵਿਰੋਧੀ ਧਿਰ ਦੇ ਨੇਤਾ ਵਜੋਂ ਲੜਾਈ ਲੜੀ। ਜਦੋਂ ਸਾਡਾ ਰਾਜ ਆਵੇਗਾ, ਜਿਨ੍ਹਾਂ ਨੇ ਸਾਡਾ ਪਾਣੀ ਰੋਕ ਦਿਤਾ ਹੈ, ਅਸੀਂ ਉਨ੍ਹਾਂ ਦੀਆਂ ਸੜਕਾਂ ਬੰਦ ਕਰ ਦੇਵਾਂਗੇ, ਦਿੱਲੀ ਨੂੰ ਪਾਣੀ ਬੰਦ ਕਰ ਦੇਵਾਂਗੇ ਅਤੇ ਪਾਣੀ ਮਿਲਣ ਤਕ ਬੰਦ ਰੱਖਾਂਗੇ।’’

ਇਨੈਲੋ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਬਣਨ ਦੇ ਸਵਾਲ ’ਤੇ ਅਭੈ ਚੌਟਾਲਾ ਨੇ ਕਿਹਾ, ‘‘ਸਾਡਾ ਅਜੇ ਅਜਿਹਾ ਕੋਈ ਫੈਸਲਾ ਨਹੀਂ ਹੈ ਅਤੇ ਨਾ ਹੀ ਇਸ ਮਾਮਲੇ ’ਤੇ ਕੋਈ ਚਰਚਾ ਹੋਈ ਹੈ। ਜੇਕਰ ਕੋਈ ਬਿਨਾਂ ਸੁਆਰਥ, ਸਾਫ ਦਿਮਾਗ ਨਾਲ ਅਪਣੇ ਆਪ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਉਸ ਨਾਲ ਗੱਲ ਕਰਾਂਗੇ, ਨਹੀਂ ਤਾਂ ਇਨੈਲੋ ਅਪਣੇ ਦਮ ’ਤੇ ਚੋਣਾਂ ਲੜੇਗੀ।’’