ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਇੰਦਰਜੀਤ ਸਿੰਘ ਯਾਦਵ ਦੇ ਘਰ ’ਤੇ ED ਦਾ ਛਾਪਾ
ਕਰੋੜਾਂ ਰੁਪਏ ਦੀ ਨਕਦੀ, ਗਹਿਣੇ ਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਜ਼ਬਤ
ਨਵੀਂ ਦਿੱਲੀ : ਹਰਿਆਣਵੀ ਸੰਗੀਤ ਕੰਪਨੀ ਜੇਮ ਟਿਊਨਸ ਦੇ ਮਾਲਕ ਇੰਦਰਜੀਤ ਸਿੰਘ ਯਾਦਵ ਫਿਰ ਤੋਂ ਖ਼ਬਰਾਂ ਵਿੱਚ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦਿੱਲੀ, ਗੁਰੂਗ੍ਰਾਮ ਅਤੇ ਰੋਹਤਕ ਵਿੱਚ ਯਾਦਵ ਨਾਲ ਸਬੰਧਤ 10 ਤੋਂ ਵੱਧ ਥਾਵਾਂ 'ਤੇ ਦੋ ਦਿਨ ਲਗਾਤਾਰ ਛਾਪੇਮਾਰੀ ਕੀਤੀ ਅਤੇ 5.12 ਕਰੋੜ ਰੁਪਏ, 8.80 ਕਰੋੜ ਰੁਪਏ ਦੇ ਗਹਿਣੇ, ਚੈਕਬੁੱਕ ਵਾਲਾ ਬੈਗ ਅਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ । ਯਾਦਵ ਨੂੰ 15 ਤੋਂ ਵੱਧ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ । ਈ.ਡੀ ਅਧਿਕਾਰੀਆਂ ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਚੀਜ਼ਾਂ, ਦਸਤਾਵੇਜ਼ਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਈਡੀ ਨੇ ਕਿਹਾ ਕਿ ਇਹ ਕਾਰਵਾਈ ਰਾਓ ਇੰਦਰਜੀਤ ਯਾਦਵ ਨਾਮ ਦੇ ਇੱਕ ਅਪਰਾਧੀ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਸੀ, ਜੋ ਹੁਣ ਯੂ਼.ਏੇ.ਈ. ਭੱਜ ਗਿਆ ਹੈ। ਈ.ਡੀ. ਨੇ ਯਾਦਵ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਯਾਦਵ ਪਿਛਲੇ ਸਾਲ ਰੋਹਤਕ ਵਿੱਚ ਇੱਕ ਵਪਾਰੀ ਦੀ ਹੱਤਿਆ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਮੱਧ ਪੂਰਬੀ ਦੇਸ਼ ਭੱਜ ਗਿਆ ਸੀ।
ਉਸ 'ਤੇ ਜਬਰੀ ਵਸੂਲੀ, ਨਿੱਜੀ ਫਾਈਨੈਂਸਰਾਂ ਤੋਂ ਜ਼ਬਰਦਸਤੀ ਕਰਜ਼ਾ ਲੈਣ, ਹਥਿਆਰਾਂ ਨਾਲ ਧਮਕੀਆਂ ਦੇਣ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਕਮਿਸ਼ਨ ਕਮਾਉਣ ਦੇ ਦੋਸ਼ ਹਨ। ਜਾਂਚ ਏਜੰਸੀ ਦੀ ਕਾਰਵਾਈ ਯਾਦਵ ਅਤੇ ਉਸਦੇ ਸਾਥੀਆਂ ਵਿਰੁੱਧ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਦਾਇਰ 15 ਤੋਂ ਵੱਧ ਮਾਮਲਿਆਂ ਅਤੇ ਚਾਰਜਸ਼ੀਟਾਂ 'ਤੇ ਅਧਾਰਤ ਹੈ।